Thursday, 9 February 2012

ਅਮਰਦੀਪ ਸਿੰਘ ਗਿੱਲ

 ਕਿੰਨਾ ਸੱਚ ਸੀ ਮੇਰਾ ਡਰ...!!

 ਬਚਪਨ ਵਿੱਚ ਮਾਂ

 ਇੱਕ ਬਾਤ ਸੁਣਾਇਆ ਕਰਦੀ ਸੀ

 ਜਿਸ ਵਿੱਚ ਜੰਗਲ ਦੇ ਵਿੱਚਕਾਰ

 ਇੱਕ ਦਿਓ ਦਾ ਘਰ ਸੀ ,

 ਉਸ ਘਰ ਜਦ ਬਾਤ ਦਾ ਨਾਇਕ ਜਾਂਦਾ ਸੀ

 ਤਾਂ ਵਿਹੜੇ 'ਚ ਚਰਖਾ ਕੱਤਦੀ ਦਿਓ ਦੀ ਮਾਂ

 ਨਾਇਕ ਰਾਜ ਕੁਮਾਰ ਨੂੰ ਵੇਖ ਕੇ

 ਪਹਿਲਾਂ ਹੱਸਦੀ ਸੀ ਤੇ ਫੇਰ ਰੋਅ ਪੈਂਦੀ !

 ਰਾਜ ਕੁਮਾਰ ਕਾਰਨ ਪੁੱਛਦਾ ਤਾਂ

 ਦਿਓ ਦੀ ਮਾਂ ਕਹਿੰਦੀ ਕਿ -

 ਮੈਂ ਹੱਸੀ ਤਾਂ ਇਸ ਲਈ ਹਾਂ

 ਕਿ ਇੰਨੇ ਦਿਨ ਬਾਦ ਕੋਈ ਇਨਸਾਨ ਵੇਖਿਆ ਹੈ

 ਤੇ ਰੋਈ ਇਸ ਲਈ ਹਾਂ

 ਕਿ ਮੇਰਾ ਪੁੱਤ ਰਾਖਸ਼ ਹੈ

 ਤੈਨੂੰ ਖਾ ਜਾਵੇਗਾ !

 ਤੈਨੂੰ ਪਹਿਲੀ ਵਾਰ ਵੇਖ ਕੇ

 ਮੇਰੀ ਹਾਲਤ ਵੀ ਦਿਓ ਦੀ ਮਾਂ ਵਾਲੀ ਹੀ ਹੋਈ ਸੀ ,

 ਮੈਂ ਪਹਿਲਾਂ ਹੱਸਿਆ ਇਸ ਲਈ ਸਾਂ

 ਕਿ ਤੂੰ ਮੈਂਨੂੰ ਮਿਲੀ ,

 ਤੇ ਬਾਦ ਵਿੱਚ ਰੋਇਆ ਇਸ ਲਈ ਸਾਂ

 ਕਿ ਜੱਗ ਰਾਖਸ਼ ਹੈ

 ਤੈਨੂੰ ਖਾ ਜਾਵੇਗਾ....!

 ਕਿੰਨਾ ਸੱਚ ਸੀ ਮੇਰਾ ਡਰ...!!

ਅਮਰਦੀਪ ਸਿੰਘ ਗਿੱਲ

ਸੁਰਜੀਤ ਗੱਗ

ਮੁਬਾਰਕ ਪਾਤਰ ਨੂੰ

ਦੇ ਦੇਂਦੇ ਕਿਸੇ ਹਮਾਤੜ੍ਹ ਨੂੰ
ਕਾਹਨੂੰ ਦੇ'ਤਾ ਪਾਤਰ ਨੂੰ
ਉਹਨੂੰ ਕਾਹਦਾ ਘਾਟਾ ਸੀ
ਪਹਿਲਾਂ ਈ ਕੜ ਪਾਟਾ ਸੀ
ਗਾਉਂਦਾ ਲਿਖਦਾ ਗੀਤ ਸੁਣੀਂਦਾ
ਮੈਂ ਵੀ ਤਾਂ ਸੁਰਜੀਤ ਸੁਣੀਂਦਾ
ਪਹਿਲਾਂ 'ਜੱਜ' ਤੇ ਹੁਣ 'ਪਾਤਰ' ਨੂੰ
ਸੱਟ ਵੱਜੀ 'ਗੱਗ' ਦੀ ਆਕੜ ਨੂੰ?
ਅਸੀਂ ਪਦਮ-ਸ਼ਦਮ ਤੋਂ ਕੀ ਲੈਣਾ
ਇਹ ਹੋਣ ਮੁਬਾਰਕ ਪਾਤਰ ਨੂੰ
ਕੋਈ ਪੁੱਛੇ ਨਾ ਪੁੱਛੇ ਹਮਾਤੜ੍ਹ ਨੂੰ
ਪਰ ਅਸੀਂ ਨਹੀਂ ਛੱਡਣਾ ਆਕੜ ਨੂੰ
ਉਹ ਮਾਂ ਬੋਲੀ ਦਾ ਸੁੱਚਾ ਸੇਵਕ
ਪਾਤਰ ਸੀ ਮਿਲਿਆ 'ਪਾਤਰ' ਨੂੰ
ਲਾਕੇ ਖੁਸ਼ੀ 'ਚ ਲੂਣ ਟਮਾਟਰ ਨੂੰ
ਖਾਲੀ ਕਰ ਗਏ ਯਾਰ "ਕਵਾਰਟਰ" ਨੂੰ
ਹੁਣ ਡਬਲ ਮੁਬਾਰਕ ਪਾਤਰ ਨੂੰ

ਸੁਰਜੀਤ ਗੱਗ 9463389628

Wednesday, 8 February 2012

ਅਵਤਾਰ ਸਿੰਘ ਸੰਧੂ

ਗੀਤ
 ਕਦੇ ਮੇਰਿਆਂ ਨੈਣਾਂ ਦੇ ਨਾਲ ਖੁਦ ਨੂੰ ਨਿਹਾਰ ।
 ਪਹਿਲੀ ਤੱਕਣੀ ,ਚ ਤੈਨੂੰ ਹੋ ਜਾਣਾ ਪਿਆਰ ।
 ਮੁੱਖ ਲੱਗਦਾ ਹੈ ਜਿਵੇ ਹੋਵੇ ਖਿੜਿਆ ਗੁਲਾਬ ।
 ਦੋ ਨੈਣਾਂ ਵਿਚੋਂ ਡੁੱਲ ਡੁੱਲ ਪੈਂਦੀ ਏ ਸ਼ਰਾਬ ।
 ਚਿੱਟੇ ਦੰਦ ਜਿਵੇ ਮੋਤੀ ਘੜੇ ਕਿਸੇ ਸੁਨਿਆਰ ।
 ਜਦੋਂ ਪੁਰੇ ਦੀ ਹਵਾ ,ਚ ਤੇਰੇ ਵਾਲ ਉੱਡਦੇ ।
 ਸੱਚ ਜਾਣੀ ਦੇਖ ਬੱਦਲਾਂ ਦੇ ਹੋਸ਼ ਉਡਦੇ ।
 ਇੰਝ ਜਾਪੇ ਜਿਵੇ ਹੋਣੀ ਹੁਣੇ ਪਿਆਰ ਦੀ ਫੁਹਾਰ ।
 ਤਾਜੇ ਫੁੱਲਾਂ ਵਾਂਗੂੰ ਮਹਿਕੇ ਤੇਰਾ ਇੱਕ ਇੱਕ ਅੰਗ ।
 ਤੇਰੀ ਸ਼ਰਮ ਹਿਆ ਨਾਲੇ ਚੰਗੀ ਲੱਗੇ ਸੰਗ ।
 ਤੇਰੇ ਜੋਬਨੇ ਦੇ ਵਿੱਚ ਇੱਕ ਵੱਖਰਾ ਖੁਮਾਰ ।
 ਮੇਰੀ ਇਕੋ ਹੀ ਦੁਆ ਤੈਨੂੰ ਲੱਗੇ ਨਾ ਨਜ਼ਰ ।
 ਰੱਬ ਕਰੇ ਤੈਨੂੰ ਲੱਗ ਜਾਵੇ ਮੇਰੀ ਵੀ ਉਮਰ ।
 ਮੇਰੇ ਵਿਹੜੇ ਵਿੱਚ ਆ ਜਾ ਕਦੀ ਕਰਕੇ ਸ਼ਿੰਗਾਰ ।
ਅਵਤਾਰ ਸਿੰਘ  ਸੰਧੂ

ਜਗਜੀਤ ਕੌਰ ਜੌਹਲ

ਬਾਬਾ ਨਾਨਕ ਜੀ ਨੂੰ ਸੁਨੇਹਾ
ਧੰਨ ਧੰਨ ਬਾਬਾ ਨਾਨਕ ਜੀ ,ਜਦੋਂ ਤੁਸੀਂ ਆਏ ਸੀ,
 ਉਦੋਂ ਜ਼ੁਲਮ ਦੀ ਹਨੇਰੀ ਸਿਖਰਾਂ ਤੇ ਸੀ ੧
 ਪਰਜਾ ਡਰ ਨਾਲ ਕੰਬਦੀ ਸੀ ੧
 ਜਿਲਤ ਦੀ ਜਿੰਦਗੀ ਕਟਦੀ ਸੀ ੧
 ਵਹਿਮਾਂ ਭਰਮਾਂ ਵਿੱਚ ਗ੍ਰਸੀ ਜਨਤਾ
ਬ੍ਰ੍ਹ੍ਮਨਵਾਦ ਦੀ ਗੁਲਾਮੀ ਭਰਦੀ ਸੀ ੧
 ਨਿਰਬਲ ਪਰਜਾ ਕੁਰਲਾ ਉਠੀ ਸੀ ੧
 ਤੁਸੀਂ ਆਏ ਤਾਂ ਸਾਰੇ ਭਰਮ ਮਿਟਾਏ ੧
 ਜਾਤਾਂ ,ਪਾਤਾਂ ਵਿੱਚ ਵੰਡੇ ਲੋਕੇ ,ਛਾਤੀ ਨਾਲ ਲਾਏ ੧
 ਛੋਟੀਆਂ ਜਾਤਾਂ ਨੂੰ ਚੁੱਕ ਤੁਸੀਂ ਮਨੁਖਤਾ ਦੀ ਬਰਬਤਾ ਦਾ ਖਿਤਾਬ ਦਿਤਾ ੧
 ਆਪਣੀ ਇਲਾਹੀ ਸ਼ਕਤੀ ਨਾਲ ਤੁਸੀਂ ਘਮੰਡੀ ਰਾਜਿਆਂ ਨੂੰ ਤਾਕਤਹੀਨ ਕੀਤਾ ੧
 ਸਭ ਧਰਮਾਂ ਨੂੰ ਮਨੁਖਤਾ ਦੇ ਧਰਮ ਦਾ ਨਾਮ ਦਿਤਾ ੧
 ਅੱਜ ਬਾਬਾ ਜੀ ਸਾਨੂੰ ਤੁਹਾਡੀ ਬਹੁਤ ਲੋੜ ਹੈ ੧
 ਹੁਣ ਫਿਰ ਪੰਜ ਵਿਕਾਰ ਮਨੁਖਤਾ ਉਪਰ ਬਹੁਤ ਹਾਵੀ ਹੋ ਗਏ ਹਨ ੧
 ਤੁਹਾਡੇ ਸੰਦੇਸ਼ ਤੇ ਤੁਹਾਡੇ ਨਾਮ ਉਪਰ ,ਤੁਹਾਡੇ ਝੂਠੇ ਪੁਜਾਰੀ ਪਰਜਾ ਨੂੰ ਲੁੱਟ ਰਹੇ ਹਨ ੧
 ਮਣਾਂ ਮੂੰਹ ਧੰਨ ਇਕਠਾ ਕਰ ਰਹੇ ਹਨ ੧
 ਇੱਕ ਦੂਜੇ ਨੂੰ ਨਫਰਤ ਨਾਲ ਤੁਹਾਡੇ ਅਸੂਲਾਂ ਤੋਂ ਦੂਰ ਕਰ ਰਹੇ ਹਨ ੧
 ਬਾਬ ਜੀ ,ਹੁਣ ਤਾਂ ਤੁਹਾਡੇ ਭਗਤਾਂ ਦੀ ਬਾਣੀ ਨੂੰ ਭੀ ਤੁਹਾਡੇ ਸ਼ਬਦ ਗੁਰੂ ਨਾਲੋਂ ਤੋੜ ਰਹੇ ਹਨ ੧
 ਮੁੜ ਜਾਤਾਂ ਪਾਤਾਂ ਦਾ ਪਾੜਾ ਵਧਾ ਰਹੇ ਹਨ ੧
 ਹੋਉਮੇ ਇਨ੍ਹਾਂ ਲੋਕਾਂ ਨੂੰ ਦਿਨ ਰਾਤ ਟਿਕਣ ਨਹੀ ਦਿੰਦੀ ੧
 ਇਹ ਤੇਰੇ ਨੇਕ ਬੰਦਿਆਂ ਨੂੰ ਨੇਕ ਕੰਮ ਕਰਨ ਵਿੱਚ ਹਰ ਤਰਹ ਦੀਆਂ ਰੁਕਾਵਟਾਂ ਪਾਉਂਦੇ ਹਨ ੧
 ਬਾਬ ਜੀ ਕੁਝ ਕਰੋ !
 ਨਹੀ ਤਾਂ ਮਨੁੱਖਤਾ ਦਾ ਘਾਣ ਉਸ ਹੀ ਪਧਰ ਤੇ ਪਹੁੰਚ ਜਾਣਾਂ ਜਦੋਂ ਤੁਸੀਂ ਆਏ ਸੀ ੧
 ਸਾਥੋਂ ਇਹ ਸਮਝਾਏ ਨਹੀ ਜਾਂਦੇ !
 ਤੁਹਾਡੀ ਬਾਣੀ ਵਿੱਚ ਕੂੜ ਦਾ ਪਸਾਰ ਕਰ ਰਹੇ ਹਨ ਜੀ !
 ਬਾਬ ਜੀ ਜ਼ਰੂਰ ਆਓ !
ਤੁਹਾਡੀ ਨਿਮਾਣੀ ਜਿਹੀ ਦਾਸੀ
ਜਗਜੀਤ ਕੌਰ ਜੌਹਲ, Warwickshire, United Kingdom

ਅਮਰ 'ਸੂਫੀ'

ਗ਼ਜ਼ਲ
ਵੈਦਾਂ .ਨਾਲੋਂ ..ਗੱਲ. .ਨਿਆਰੀ. .ਕੌਣ ..ਕਰੇ ?
 ਟੁੱਟੇ .ਦਿਲ .ਦੀ .ਦੂਰ. ਬਿਮਾਰੀ .ਕੌਣ .ਕਰੇ ?

ਹੌਕੇ,. ਹਾਵੇ .ਦਿਲ.. ਦੇ .ਵਿਹੜੇ .ਆ .ਬਹਿੰਦੇ,
 ਨਿੱਤ ..ਇਹਨਾਂ ..ਦੀ .ਖਾਤਰਦਾਰੀ ਕੌਣ ਕਰੇ ?

ਪਿੰਡੇ ....ਉੱਤੇ.. .ਵੇਲਾਂ.. .ਬੂਟੇ... ਪੈ... ਜਾਂਦੇ,
 ਰੂਹ .ਦੇ. .ਉੱਤੇ. .ਚਿੱਤਰਕਾਰੀ.. ਕੌਣ.. ਕਰੇ ?

ਹੁਸਨ. ਇਸ਼ਕ. ਦਾ .ਰੱਟਾ .ਮੁੱਢ-ਕਦੀਮੋਂ. ਹੈ,
 ਇਹ .ਕਿ .ਦੋਹਾਂ. 'ਚੋਂ ..ਸਰਦਾਰੀ .ਕੌਣ. ਕਰੇ ?

ਸਿਦਕ .ਅਸਾਡਾ .ਪਰਖ. ਲਿਆ ਹੈ ਤੂੰ ਯਾਰਾ,
 ਪੂਰੀ ..ਸਾਡੀ ...ਪਰਖਣ-ਵਾਰੀ.. ਕੌਣ.. ਕਰੇ ?

ਕਿਹੜਾ. ਹੈ ..ਜੋ..ਲੁੱਟੇ ...ਸਾਡੇ ..ਚਾਵਾਂ.. ਨੂੰ,
 ਅਰਮਾਨਾਂ ..'ਤੇ ...ਗੋਲਾਬਾਰੀ.. ਕੌਣ ...ਕਰੇ ?

ਤੈਨੂੰ .ਕੌਣ ਮੁਹੱਬਤ .ਕਰਦੈ,. ਇਲਮ .ਨਹੀਂ ?
 ਤੇਰੇ ..ਨਾਂ.. 'ਤੇ ..ਅੱਖਰਕਾਰੀ.. ਕੌਣ.. ਕਰੇ ?

ਤੇਰੇ .ਪਿਆਰ .'ਚ ..ਝੱਲਾ .ਹੋ ਕੇ, .ਤੇਰੇ .ਨਾਂ,
 ਮੇਰੇ ..ਬਾਝੋਂ ..ਦੁਨੀਆ ..ਸਾਰੀ ..ਕੌਣ .ਕਰੇ ?

ਇੱਕੋ .ਹੀ .ਦਿਲ .ਸੀ,.ਉਹ ਤੈਨੂੰ ਦੇ ਛੱਡਿਆ,
 ਦਿਲ .ਦਾ ..ਸੌਦਾ .ਵਾਰੀ .ਵਾਰੀ .ਕੌਣ .ਕਰੇ ?

ਹੁਸਨ .ਤੇਰੇ .ਤੋਂ ..ਸਦਕੇ .ਹਾਂ, .ਐਪਰ .ਤੇਰੇ,
 ਦਰ .'ਤੇ .ਸਜਦਾ .ਵਾਰੀ .ਵਾਰੀ .ਕੌਣ ਕਰੇ ?

ਤੇਰੇ ਹਿਜ਼ਰ 'ਚ ਚੈਨ ਗਵਾਇਆ, ਪੀੜ ਸਹੀ,
 ਇਹਨਾਂ .ਦਰਦਾਂ .ਦੀ .ਰੂ-ਦਾਰੀ .ਕੌਣ .ਕਰੇ ?

ਜੇ .ਕਰ .ਤੇਰੀ .ਪਾਕ .ਮੁਹੱਬਤ ਮਿਲ ਜਾਵੇ,
 ਤਾਂ .ਫਿਰ .ਏਥੇ .ਦੁਨੀਆਦਾਰੀ .ਕੌਣ .ਕਰੇ ?

ਦਿਲ .ਦਾ ਦਰਦ ਪਰੋਣਾ ਔਖੇ ਗ਼ਜ਼ਲਾਂ ਵਿੱਚ,
 ਦੱਸੋ ! .ਏਦਾਂ ..ਹਾਰੀ ..ਸਾਰੀ ..ਕੌਣ .ਕਰੇ ?

ਔਖੀ ਬਹੁਤ ਗ਼ਜ਼ਲ ਕਹਿਣੀ ਜਗਤਾਰ ਜਿਹੀ,
 ਅੱਖਰ. ਅੱਖਰ .ਦੀ .ਸੁਰ-ਸਾਰੀ ਕੌਣ ਕਰੇ ?

ਹਰ .ਇੱਕ .ਬੰਦਾ ਅਪਣਾ ਚੰਮ ਬਚਾਉਂਦਾ ਹੈ,
 ਦੱਸੋ! .ਜ਼ੁਲਮ .'ਤੇ ਚੋਟ ਕਰਾਰੀ ਕੌਣ ਕਰੇ ?

ਹੱਕਾਂ .ਖਾਤਰ ..ਰੌਲਾ ..ਪਾਉਂਦੇ ..ਹਾਂ ..ਯਾਰੋ,
 ਸਿਰ .ਦੇਵਣ .ਦੇ ਲਈ ਤਿਆਰੀ ਕੌਣ ਕਰੇ ?

ਧਨ .ਦੀ .ਭੁੱਖ .ਨੇ .ਬੰਦਾ ਲੋਭੀ ਕਰ ਦਿੱਤੈ,
 ਸੱਚੀ .ਸੁੱਚੀ ...ਪਹਿਰੇਦਾਰੀ..ਕੌਣ ..ਕਰੇ ?

'ਸੂਫੀ' .ਏਥੇ .ਬੰਦੇ .ਨੇ .ਸਭ .ਮਤਲਬ .ਦੇ,
 ਤੇਰੇ .ਬਾਝੋਂ .ਗੱਲ ..ਵਿਹਾਰੀ ..ਕੌਣ .ਕਰੇ ?
ਅਮਰ 'ਸੂਫੀ' 98555 43660

ਦਿਆਲ ਗੁੱਲੂ

ਉਦਾਸ ਮੌਸਮ
ਉਦਾਸ ਮੌਸਮ
ਉਦਾਸ ਦਿਲ
ਦੂਰ ਕਿਤੇ ਨਿੱਕੀ ਜਿਹੀ ਕੁੜੀ
ਰੋ ਰਹੀ ਅਸਮਾਨ ਦੇ ਨਾਲ ਨਾਲ
ਮੁੱਠੀ ਜਿਹੇ ਦਿਲ ਤੋਂ ਮਜਬੂਰ
ਕੋਈ ਜਾ ਰਿਹਾ ਹੈ
ਕੋਈ ਆ ਨਹੀਂ ਰਿਹਾ
ਕੋਈ ਵਿਛੱੜ ਰਿਹਾ ਹੈ
ਨਹੀਂ ਜਾਣਦੀ ਅਜੇ
ਵਿਛੱੜਣ ਤੋਂ ਬਾਦ
ਮਿਲਣ ਵੀ ਹੁੰਦਾ ਹੈ
ਤੇ ਹਰ ਮਿਲਣ ਤੋਂ ਬਾਦ
 ਵਿਛੜਣਾ ਵੀ ਹੈ
ਕੁਦਰਤ ਦਾ ਨਿਯਮ
ਪਰ ਨਿੱਕਾ ਜਿਹਾ ਦਿਲ
ਕਿਵੇਂ ਜਾਣੇ . ਕੀਕੂੰ ਜਾਣੇ
ਕਿਵੇਂ ਚੁੱਪ ਕਰਾਵੇ ਖੁਦ ਨੂੰ
ਤਿੜ ਤਿੜ ਹੱਸਣ ਦੀ ਉਮਰੇ
ਦਿਲ ਉਸ ਦਾ ਤਿੜਕ ਤਿੜਕ ਜਾਂਦਾ ਹੈ
ਕੋਈ ਜਾ ਰਿਹਾ ਹੈ
ਕੋਈ ਵਿਛੜ ਰਿਹਾ ਹੈ
ਤੇ ਦੂਰ ਅਸਮਾਨ ਰੋ ਰਿਹਾ ਹੈ
ਅਜੇ ਹੁਣੇ ਹੀ ਤਾਂ ਬੱਦਲਾਂ ਨੇ
ਅਸਮਾਨ ਦੀ ਹਿੱਕ ਨੂੰ ਚੁੰਮਿਆ ਸੀ
ਤੇ ਹੁਣੇ ਹੀ ਉਸ ਨੂੰ ਛਾਤੀ ਨਾਲ ਲਾ
ਵਰ੍ਹੇ ਰਹੇ ਨੇ ਧਰਤੀ ਤੇ
ਮੁੜ ਉਥੇ ਜਾਣ ਦੀ ਉਮੀਦ ਵਿੱਚ
 ਸੋ ਸੋਹਣੀਏ ਕੁੜੀਏ
 ਆਪਣੇ ਦਿਲ ਦੇ ਦੂਜੇ ਹਿਸੇ ਨੂੰ
ਅਲਵਿਦਾ ਆਖ
ਇਸ ਆਸ ਵਿੱਚ
ਕੀ ਨਵੀਂ ਸਵੇਰ
ਨਵੇਂ ਮੌਸਮ ਵਿੱਚ
ਨਵਾਂ ਮਿਲਣ ਜਰੂਰੀ ਹੈ
ਇਸੇ ਸਿਰ ਤੇ ਤਾਂ 'ਉਡੀਕ' ਜੀਂਦੀ ਹੈ !
ਦਿਆਲ ਗੁੱਲੂ Fremont, California 

Friday, 3 February 2012

ਜਗਦੀਸ਼ ਕੌਰ

ਲਾਗਵਾਂ-ਜਾਦੂ

ਇਹ ਨਿਰਾਸ਼ਾ,
ਜ਼ਲਾਲਤ ਤੇ ਬੇਕਦਰੀ
ਦੇ ਨਦੀਨ
ਘਟਾ ਦਿੰਦੇ ਨੇ

ਮੇਰੇ ਆਤਮ-ਬਲ ਦਾ ਝਾੜ
ਪੈਣ ਨਹੀਂ ਦਿੰਦੇ
ਬੱਲੀਆਂ 'ਚ ਰਸ

ਕਿ ਸੁੱਕ ਕੇ ਫਲ਼
ਰਹਿ ਜਾਂਦਾ ਹੈ
ਫੋਕਾ ਤੇ ਖ਼ਾਲੀ...!
ਘਰ ਦੇ ਗਮਲਿਆਂ ਦੀ
ਕਰ ਕੇ ਗੋਡੀ

ਪੁੱਟ ਸੁੱਟਦੀ ਹਾਂ
ਘਾਹ-ਫੂਸ ਤੇ ਜੰਗਲੀ ਬੂਟੀਆਂ
ਖੌਰੇ ਕੋਈ
ਲਾਗਵਾਂ-ਜਾਦੂ ਹੀ

ਅਸਰ ਕਰ ਜਾਵੇ....!

ਜਗਦੀਸ਼ ਕੌਰ

ਅਮਰਜੀਤ ਢਿੱਲੋਂ

ਕਿਸ ਦਾ ਪੱਲੜਾ ਭਾਰਾ ਇਹਨਾਂ ਚੋਣਾਂ ਵਿੱਚ . . .
ਕਿਸ ਦਾ ਪੱਲੜਾ ਭਾਰਾ ਇਹਨਾਂ ਚੋਣਾਂ ਵਿੱਚ ਹੋਜੂ ਜਮਾਂ ਨਿਤਾਰਾ ਇਹਨਾਂ ਚੋਣਾਂ ਵਿੱਚ
ਬਾਦਲ ਆਖੇ ਮੈਂ ਹੀ ਸੀ.ਐਮ. ਫੇਰ ਬਣੂ, ਮੈਂ ਭਲਵਾਨ ਹਾਂ ਦਾਰਾ ਇਹਨਾਂ ਚੋਣਾਂ ਵਿੱਚ
ਅਮਰਿੰਦਰ ਦੀ ਅੱਖ ਬਾਦਲ ਦੀ ਕੁਰਸੀ 'ਤੇ, ਲਾਤਾ ਜ਼ੋਰ ਹੈ ਸਾਰਾ ਇਹਨਾਂ ਚੋਣਾਂ ਵਿੱਚ
ਮਨਪ੍ਰੀਤ ਬਾਦਲ ਨੇ ਅੱਡ ਹੋ ਲਾ ਦਿੱਤਾ, ਇਨਕਲਾਬ ਦਾ ਨਾਅਰਾ ਇਹਨਾਂ ਚੋਣਾਂ ਵਿੱਚ
ਮਾਇਆਵਤੀ ਮੁਕਤਸਰ ਆ ਕੇ ਲਾ ਗਈ ਹੈ, ਜੈ ਭੀਮ ਦਾ ਨਾਂਅਰਾ ਇਹਨਾਂ ਚੋਣਾਂ ਵਿੱਚ
ਲਾਲ ਝੰਡੇ ਵਾਲੇ ਵੀ ਮਨਪ੍ਰੀਤ ਦਾ ਲੈ ਕੇ ਫਿਰ ਉੱਠੇ ਨਵੇਂ ਸਹਾਰਾ ਇਹਨਾਂ ਚੋਣਾਂ ਵਿੱਚ
ਭੱਠਲ ਆਖੇ ਚੁੱਪ ਕਰ ਵੇ ਭਗਵੰਤ ਮਾਨ, ਕਰ ਨਾ ਦੇਈ ਕੋਈ ਕਾਰਾਂ ਇਹਨਾਂ ਚੋਣਾਂ ਵਿੱਚ
ਰਾਮੂਵਾਲੀਆ ਫੇਰ ਅਕਾਲੀ ਸਿੰਘ ਸਜ ਗਏ, ਹੋਇਆ ਪੰਥ ਪਿਆਰਾ ਇਹਨਾਂ ਚੋਣਾਂ ਵਿੱਚ
ਚੋਣ ਕਮਿਸ਼ਨ ਨੇ ਸਖਤੀ ਵਰਤੀ, ਫਿਰ ਹੋਇਆ ਵੋਟ ਵਿਕਣ ਵਰਤਾਰਾ ਇਹਨਾਂ ਚੋਣਾਂ ਵਿੱਚ
Ñਲੰਬੀ, ਗਿੱਦੜਬਾਹੇ ਹਲਕੇ ਦੇ ਵਿੱਚ ਵੋਟਰਾਂ ਦਾ ਮੁੱਲ ਪਿਆ ਹੈ ਭਾਰਾ ਇਹਨਾਂ ਚੋਣਾਂ ਵਿੱਚ
ਰਾਖਵੇਂ ਹਲਕੀ ਵੋਟਾਂ ਵਿਕਦੀਆਂ ਤੱਕਦਾ ਰਿਹਾ, ਤੰਤਰ ਲੋਕ ਵਿਚਾਰਾਂ ਇਹਨਾਂ ਚੋਣਾਂ ਵਿੱਚ
ਢਿੱਲੋਂ ਵੋਟਾਂ ਗਿਣਤੀ ਕਰਨ ਬਹਾਨੇ ਹੀ ਆ ਕੇ ਮਿਲ ਜਾ ਯਾਰਾਂ ਇਹਨਾਂ ਚੋਣਾਂ ਵਿੱਚ
ਚੋਣ ਕਮਿਸ਼ਨ ਨੇ
ਕੁਝ ਦਿਨ ਕਰ ਸਖਤਾਈ ਚੋਣ ਕਮਿਸ਼ਨ ਨੇ। ਸਭ ਦੀ ਨੀਂਦ ਉਡਾਈ ਚੋਣ ਕਮਿਸ਼ਨ ਨੇ।
ਪੈਸੇ ਵੰਡਣ ਵਾਲਿਆਂ ਨੂੰ ਨਹੀਂ ਬਖਸ਼ਾਂਗੇ, ਦਿੱਤੀ ਬੜੀ ਦੁਹਾਈ ਚੋਣ ਕਮਿਸ਼ਨ ਨੇ।
ਇੱਕ ਮਹੀਨਾ ਲੋਕਾਂ ਤੋਂ ਪੈਸੇ ਫੜ ਕੇ, ਕੀਤੀ ਬੜੀ ਕਮਾਈ ਚੋਣ ਕਮਿਸ਼ਨ ਨੇ।
ਜਦ ਜਿੱਤਣ ਦਾ ਵੇਲਾ ਨੇੜੇ ਆ ਪਹੁੰਚਾ, ਪਿੱਛੇ ਫੌਜ ਹਟਾਈ ਚੋਣ ਕਮਿਸ਼ਨ ਨੇ।
ਸ਼ਰੇਆਮ ਜਦ ਵੋਟਾਂ ਵਿਕਣ ਲੱਗੀਆਂ ਤਾਂ, ਪੂਰੇ ਢਿੱਲ ਵਰਤਾਈ ਚੋਣ ਕਮਿਸ਼ਨ ਨੇ।
ਲੰਬੀ, ਦੋਦੇ ਦੋ ਹਜ਼ਾਰ 'ਚ ਵੋਟ ਵਿੱਕੀ, ਰੱਖੀ ਬੜੀ ਸਮਾਈ ਚੋਣ ਕਮਿਸ਼ਨ ਨੇ।
ਇਹ ਵੀ ਕਿਸੇ ਇਸ਼ਾਰੇ 'ਤੇ ਨੱਚਦਾ ਹੈ, ਇਹੀਓ ਗੱਲ ਸਮਝਾਈ ਚੋਣ ਕਮਿਸ਼ਨ ਨੇ।
ਇਸ ਸਿਸਟਮ 'ਚੋਂ ਢਿੱਲੋਂ ਤੂੰ ਇਨਸਾਫ ਨਾ ਭਾਲ, ਚੋਰ ਮਸ਼ੇਰੇ ਭਾਈ, ਚੋਣ ਕਮਿਸ਼ਨ ਨੇ।

ਅਮਰਜੀਤ ਢਿੱਲੋਂ 94171-20427


ਨਿੰਦਰ ਘੁਗਿਆਣਵੀ

 ਸੁਰਗਾਂ ਨੂੰ ਜਾਣ ਹੱਡੀਆਂ (2)....

ਮੈਂ ਕਹਿਣਾ ਚਾਹੁੰਦਾ ਹਾਂ ਕਿ ਚਾਚਾ ਓਦਣ ਤਾਂ ਕਹਿੰਦਾ ਸੀ ਕਿ ਹੱਸਦੀ-ਖੇਡ੍ਹਦੀ ਗਈ ਆ...ਤੇ ਹੁਣ ਅਸਲੀ ਗੱਲ ਦੱਸੀ ਆ ਤੂੰ...ਜਾਂ ਫਿਰ ਆਪਣੇ ਦਿਲ ਨੂੰ 'ਝੂਠੀਆਂ ਤਸੱਲੀਆਂ' ਦੇਣ ਲਈ ਕਹਿ ਰਿਹਾ ਸੀ ਓਦਣ ਤੂੰ। ਇਹ ਗੱਲ ਕਹਿੰਦਾ-ਕਹਿੰਦਾ ਰਹਿ ਗਿਆ ਹਾਂ ਮੈਂ। ਚਾਚੀ ਨੂੰ ਚੇਤੇ ਕਰ ਕੇ ਚਾਚਾ ਰੋ ਪਿਆ ਹੈ। ਮੈਂ ਗੱਲ ਦਾ ਵਿਸ਼ਾ ਬਦਲ ਰਿਹਾਂ ਪਰ ਚਾਚੇ ਦੀ ਸੂਈ ਉਥੇ ਈ ਅੜ ਗਈ ਹੈ। ਗੱਲ ਨੂੰ ਲਾਂਭੇ ਕਰਨ ਲਈ ਵਾਸ਼ਰੂਮ ਜਾਣ ਦਾ ਬਹਾਨਾ ਲਾਉਂਦਾ ਹਾਂ। ਮੇਰੇ ਵਾਪਿਸ ਆਉਣ 'ਤੇ ਚਾਚਾ ਮੀਟ 'ਚ ਕੜਛੀ ਫੇਰਨ ਉਠ ਗਿਆ...ਮੈਂ ਵੀ ਮਗਰੇ ਕਿਚਨ 'ਚ ਚਲਾ ਜਾਂਦਾ ਹਾਂ।
****************
''ਬੜੇ ਸਾਲ ਹੋ ਗਏ ਆ...ਮੇਰੇ ਯੂ.ਐੱਸ.ਏ.ਵਾਲੇ ਬ੍ਰਦਰ ਨੇ ਇੱਕ ਦਿਨ ਗਲਾਸੀ ਲਾਈ 'ਚ ਮੈਨੂੰ ਫ਼ੋਨ ਕੀਤਾ...ਕਹਿੰਦਾ ਆ ਅਖੇ ਭਾਜੀ ਏਹ ਗੱਲ ਠੀਕ ਨ੍ਹੀਂ ਆਂ...ਸਾਰੇ ਪਾਸੇ ਬਦਨਾਮੀ ਹੋਈ ਪਈ ਆ...ਹੁਣ ਤੂੰ ਸਿਆਣਾ ਹੋ ਗਿਆ ਆਂ... (ਵਲੈਤ ਵਿੱਚ ਬੁੜ੍ਹੇ ਹੋ ਗਏ ਨੂੰ 'ਸਿਆਣਾ' ਹੋ ਗਿਆ ਆਖਦੇ ਹਨ), ਹੁਣ ਤਾਂ ਹਟਜਾ...ਮੈਂ ਸਾਫ਼ ਈ ਕਹਿਤਾ ਕਿ ਜੇ ਇਹੋ ਗੱਲ ਕਹਿਣੀ ਆਂ ਤਾਂ ਅੱਗੇ ਤੋਂ ਮੈਨੂੰ ਫੋ:ਨ ਨਾ ਕਰੀਂ...ਫੇਰ ਆਂਹਦਾ ਅਖੇ ਮਜ਼ਬ੍ਹਣ ਆਂ...ਮੈਂ ਕਿਹਾ ਮੇਰੇ ਲਈ ਉਹ ਦੇਵੀ ਆ...ਤੇਰੇ ਲਈ ਹੋਊਗੀ ਮਜ਼ਬ੍ਹਣ...ਤੇ ਉਹ ਫ਼ੋਨ ਕੱਟ ਗਿਆ...ਅੱਜ ਤੱਕ ਗੱਲ ਨਹੀ ਹੋਈ ਸਾਡੀ...ਯਾਰ ਉਹ ਕੌਣ ਹੁੰਦਾ ਆ ਮੇਰੀ ਫਰੈਂਡ ਨੂੰ ਏਦਾਂ ਆਖਣ ਵਾਲਾ...ਚਾਹੇ ਭਰਾ ਈ ਆ...ਮੈਂ ਤੈਨੂੰ ਕਿਹਾ ਵਈ ਮੇਰੇ ਲਈ ਜ਼ਾਤ-ਗੋਤ ਹੈਨੀ...ਸਾਡੇ ਜੱਟਾਂ ਨੇ ਗੁਰੂਆਂ ਦੀ ਬਾਣੀ 'ਤੇ ਅਮਲ ਈ ਕਦ ਕੀਤਾ ਆ...ਉਹਨਾਂ ਨੇ ਜ਼ਾਤਾਂ-ਗੋਤਾਂ ਖ਼ਤਮ ਕੀਤੀਆਂ ਤੇ ਇਹਨਾਂ ਨੇ ਬਣਾਈਆਂ...ਏਹਨਾਂ ਨੂੰ ਕੋਈ ਪੁੱਛੇ ਬਈ ਏਹ ਮਜ਼ਬ੍ਹ ਤੋਂ ਸ਼ਬਦ ਬਣਿਆ ਸੀ...ਧਰਮ ਤੋਂ...ਤੇ ਏਹੇ ਏਹਦੇ ਉਲਟ ਈ ਅਰਥ ਲੈਂਦੇ ਆ...ਸੁਣ ਗੱਲ...ਉਹਦੇ ਬੱਚੇ ਮੈਨੂੰ ਜਦ ਮੈਨੂੰ ਡੈਡ ਕਹਿੰਦੇ ਆ ਤਾਂ ਫੇਰ ਪਿੱਛੇ ਕੀ ਰਹਿ ਗਿਆ ਵਾ? ਦੋਵੇਂ ਬੱਚੇ ਉਹਦੇ ਪੜ੍ਹਾਏ ਮੈਂ ਤੇ ਇੱਕ ਦੁਬਈ ਭੇਜਿਆ...ਇੱਕ ਪੈਰਿਸ ਆ...ਸੈੱਟ ਕਰਤੇ ਆ...ਮੌਜਾਂ ਕਰਦੇ ਆ...।"
ਦੂਜੇ ਦਿਨ ਚਾਚਾ ਫਿਰ ਖਿੜਿਆ ਹੋਇਆ ਸੀ। ਅੱਜ ਮੈਂ ਕੁਝ ਘੰਟਿਆ ਦੀ ਛੁੱਟੀ ਲੈਕੇ ਇੱਕ ਦੋਸਤ ਨਾਲ ਅੱਗਿਓਂ ਉਸਦੇ ਦੋਸਤ ਦੇ ਘਰ ਚਾਹ 'ਤੇ ਗਿਆ ਸਾਂ। ਜਦ ਮੈਂ ਆਇਆ ਤਾਂ ਚਾਚਾ ਵੇਲੇ ਨਾਲ ਈ ਗਲਾਸੀ ਲਾਈ ਬੈਠਾ ਸੀ। ਕਹਿੰਦਾ, ''ਤੂੰ ਕੱਲ੍ਹ-ਪਰਸੋਂ ਨੂੰ ਚਲੇ ਜਾਣੈ...ਮੈਂ ਸੋਚਿਆ ਭਤੀਜੇ ਨਾਲ ਗੱਲਾਂ ਕਰ ਲਵਾਂ ਜ਼ਰਾ ਮੂਡ ਸੈੱਟ ਹੋ ਜੂ...ਨਾਲੇ ਸੁਣ ਭਤੀਜ ਤੂੰ ਮੈਨੂੰ ਤੂੰਬੀ ਸੁਣਾਈ ਸੀ ਤੇ ਮੈਂ ਤੈਨੂੰ ਅੱਜ ਸੁਣਾਊਂਗਾ ਗਾਣਾ...ਜ਼ਰਾ ਹੋ ਲੈਣ ਦੇ ਮੈਨੂੰ ਤਰਾਰੇ 'ਚ ਭੋਰਾ...।"
ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ
ਸੁਰਗਾਂ ਨੂੰ ਜਾਣ ਹੱਡੀਆਂ...
ਨੀਂ ਜਿੰਦੇ ਮੇਰੀਏ...
ਓ ਜਿੰਦ ਮੀਤੋ ਦੀ ਬੁੱਕਲ ਵਿੱਚ ਨਿਕਲੇ
ਤੇ ਸੁਰਗਾਂ ਨੂੰ ਜਾਣ ਹੱਡੀਆਂ...
ਚਾਚਾ ਗਾ ਰਿਹਾ ਸੀ...ਸੁਰੀਲੀ ਆਵਾਜ਼ ਵਿੱਚ...ਚੰਗਾ ਲੱਗ ਰਿਹਾ ਸੀ...ਮੈਂ ਤਾਂ ਹੈਰਾਨ ਈ ਰਹਿ ਗਿਆ ਸੁਣ ਕੇ ਚਾਚੇ ਦੀ ਆਵਾਜ਼। ਕੁਦਰਤੀ ਸੁਰ ਵਿੱਚ ਆਵਾਜ਼ ਚਾਚੇ ਦੀ।
ਚਾਚੇ ਨੂੰ ਇੰਡੀਆ ਜਾਣ ਦੀ ਕਾਹਲ ਬਣੀ ਹੋਈ ਸੀ। ਮੇਰੇ ਤੋਂ ਦਸ ਦਿਨ ਮਗਰੋਂ ਚਾਚੇ ਨੇ ਇੰਡੀਆ ਆਉਣਾ ਸੀ। ਪੱਕੀ ਕੀਤੀ ਹੋਈ ਸੀ ਕਿ ਮੈਂ ਚਾਚੇ ਕੋਲ ਉਹਦੇ ਪਿੰਡ ਜਾਣਾ...ਰੌਣਕ ਲਾਵਾਂਗੇ...ਚਾਚਾ ਕਹਿੰਦਾ ਸੀ, ''ਫਿਰ ਮੈਂ ਵੀ ਤੇਰੇ ਪਿੰਡ ਆਊਂਗਾ...ਨਾਲੇ ਤੇਰੀ ਚਾਚੀ ਵੀ ਆਊ... ਤੂੰ ਆਪਣੇ ਘਰ ਦਿਆਂ ਨੂੰ ਏਹ ਨਾ ਦੱਸਦੀਂ ਕਿ ਚਾਚੇ ਦੀ ਗਰਲ-ਫਰੈਂਡ ਆ..ਕਹੀਂ ਚਾਚੀ-ਚਾਚਾ ਆਏ ਆ...ਤੇਰੀ ਚਾਚੀ ਤੈਨੂੰ ਮਿਲ ਕੇ ਬਹੁਤ ਖੁਸ਼ ਹੋਊਗੀ...ਤੇਰੇ ਅਰਗੇ ਰੌਣਕੀ ਬੰਦੇ ਉਹਨੂੰ ਬੜੇ ਚੰਗੇ ਲੱਗਦੇ ਆ...।" ਚਾਚੀ ਨਾਲ ਮੇਰੀ ਫ਼ੋਨ 'ਤੇ ਚਾਰ-ਪੰਜ ਵਾਰੀ ਗੱਲ ਵੀ ਕਰਵਾਈ ਸੀ।
ਚਾਚੇ ਨੇ ਇੰਡੀਆ ਆਉਣ ਤੋਂ ਦੋ ਦਿਨ ਪਹਿਲਾਂ ਫ਼ੋਨ ਕੀਤਾ ਸੀ ਕਿ, ''ਕੋਈ ਚੀਜ਼ ਚਾਹੀਦੀ ਆ ਤਾਂ ਦੱਸ ਦੇ...ਲੈ ਆਵਾਂਗਾ।" ਚਾਚਾ ਪਿੰਡ ਆ ਗਿਆ... ਹੱਸਦਾ-ਖੇਡਦਾ...ਬਾਗੋ-ਬਾਗ...ਮੈਂ ਉਹਦੇ ਕੋਲ ਜਾਣਾ ਸੀ ਪਿੰਡ। ਉਸ ਨੂੰ ਚਾਰ ਦਿਨ ਹੋ ਗਏ ਸਨ ਆਏ ਨੂੰ...ਨਿੱਤ ਸ਼ਾਮੀ ਗਲਾਸੀ ਲਾ ਕੇ ਫੋਨ 'ਤੇ ਗੱਲਾਂ ਕਰਦਾ...ਖੁਸ਼ ਹੁੰਦਾ...। ਇੱਕ ਰਾਤ ਉਸਨੇ ਦਾਰੂ ਕੁਝ ਵੱਧ ਪੀਤੀ। ਰੋਟੀ-ਟੁੱਕ ਖਾ ਕੇ ਸੁੱਤਾ। ਸਵੇਰੇ ਨਹੀਂ ਉੱਠਿਆ। ਉਸ ਦਿਨ ਜਦ ਸਵੇਰੇ-ਸਵੇਰੇ ਚਾਚੇ ਦੇ ਫ਼ੋਨ ਤੋਂ ਫੋਨ ਆਇਆ ਤਾਂ ਅੱਗਿਓਂ ਚਾਚੀ ਰੋ ਰਹੀ ਸੀ...। ਵਲੈਤ ਵਿੱਚ ਚਾਚੇ ਦੇ ਬੱਚਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਉਹ ਆ ਰਹੇ ਸਨ। ਮੇਰਾ ਮਨ ਬੜਾ ਖਰਾਬ ਹੋਇਆ। ਟੈਨਸ਼ਨ ਵਾਲੀ ਗੋਲੀ ਇੱਕ ਦੀ ਬਜਾਏ ਦੋ ਖਾ ਕੇ ਮੈਂ ਚਾਚੇ ਦੇ ਪਿੰਡ ਜਾਣ ਵਾਲੀ ਬੱਸ ਫੜ ਲਈ। ਜਦ ਮੈਂ ਪਹੁੰਚਿਆ ਤਾਂ ਉਸਦੀ ਦੇਹ ਨੂੰ ਦੇਹ ਸੰਭਾਲ ਘਰ ਵਿੱਚ ਛੱਡਣ ਚੱਲੇ ਸਨ। ਅਜੇ ਪੰਜ ਦਿਨ ਲੱਗਣੇ ਸੀ ਸਸਕਾਰ ਨੂੰ।
ਜਦ ਵਾਪਸ ਘਰ ਆਏ ਤਾਂ ਚਾਚੀ ਨੇ ਮੈਨੂੰ ਪਛਾਣ ਲਿਆ। ਉਹ ਮੈਨੂੰ ਗਲਵੱਕੜੀ ਪਾ ਕੇ ਬਹੁਤ ਰੋਈ...ਜਦੋਂ ਕਿ ਮੈਂ ਤਾਂ ਉਸ ਨੂੰ ਪਹਿਲੀ ਵਾਰੀ ਹੀ ਮਿਲਿਆ ਸਾਂ। ''ਵੇ ਤੇਰਾ ਚਾਚਾ ਤਾਂ ਰੱਬੀ ਰੂਹ ਸੀ ਵੇ...ਮੈਨੂੰ ਡੁਬੜੀ ਨੂੰ ਤਾਰ ਗਿਆ ਤੇਰਾ ਚਾਚਾ।" ਚਾਚੀ ਦੇ ਇਹਨਾਂ ਬੋਲਾਂ ਨੇ ਮੇਰੇ ਕਾਲਜੇ 'ਚੋਂ ਰੁੱਗ ਭਰ ਲਿਆ ਸੀ।
ਜਿੱਦਣ ਚਾਚੇ ਦਾ ਸਿਵਾ ਬਲ ਰਿਹਾ...ਮੈਨੂੰ ਸਿਵਿਆਂ ਵਿੱਚ ਖਲੋਤੇ ਨੂੰ ਉਸ ਨਾਲ ਵਲੈਤ ਵਿੱਚ ਬਿਤਾਏ ਦਿਨ ਯਾਦ ਆ ਰਹੇ ਨੇ ਤੇ ਇੱਕ ਸ਼ਾਮ ਉਸ ਦੇ ਗਾਏ ਇਹ ਬੋਲ ਵੀ:
ਜਿੰਦ ਯਾਰ ਦੀ ਬੁੱਲਕ ਵਿੱਚ ਨਿਕਲੇ
ਤੇ ਸੁਰਗਾਂ ਨੂੰ ਜਾਣ ਹੱਡੀਆਂ...

ਨਿੰਦਰ ਘੁਗਿਆਣਵੀ,  94174-21700
ninder_ghugianvi@yahoo.com 

ਭੁਪਿੰਦਰ ਪੰਨੀਵਾਲੀਆ


ਮੇਰੇ ਦਰਦ ਭਰੇ ਗੀਤ
ਜਦੋਂ ਦਿਨ ਛਿਪ ਜਾਂਦਾ ਹੈ
ਪੌਣਾਂ ਸੌਂ ਜਾਂਦੀਆਂ ਨੇ
ਸਭ ਪਾਸੇ ਪਸਰ ਜਾਂਦੀ ਹੈ ਖਾਮੋਸ਼ੀ
ਤਾਂ ਸ਼ੁਰੂ ਹੁੰਦੀ ਹੈ
ਮੇਰੀ ਜ਼ਿੰਦਗੀ
ਮੇਰੇ ਕੋਲ ਤੇਰੀ ਯਾਦ ਹੁੰਦੀ ਹੈ
ਜਾਂ ਤੇਰੀ ਤਸਵੀਰ
ਅਸੀਂ ਤਿੰਨੇ ਕਰਦੇ ਹਾਂ ਵਿਰਲਾਪ
ਪੂਰੀ ਰਾਤ
ਮਨਾਉਂਦੇ ਹਾਂ ਜਸ਼ਨ
ਪੀੜਾਂ ਸੰਗ
ਦਰਦ ਭਰੇ ਗੀਤ ਗਾ ਕੇ
ਇਹ ਵੀ ਤਾਂ ਕਿਹਾ ਆਨੰਦ ਹੈ
ਜੋ ਦਿੰਦਾ ਹੈ
ਮਨ ਨੂੰ ਸਕੂਨ
ਤੂੰ ਕਦੇ ਨਹੀਂ ਸੋਚਿਆ ਹੋਣਾ
ਕਿ ਮੈਂ ਜੀਅ ਰਿਹਾ ਹਾਂ
ਇਸ ਤਰਾਂ ਤੇਰੇ ਹਿਜਰ 'ਚ
ਅਜੀਬ ਜਿਹੀ ਜ਼ਿੰਦਗੀ
ਨਹੀਂ ਤਾਂ ਤੁੰ ਜਰੂਰ ਆਉਣਾ ਸੀ
ਇਹ ਕਹਿਣ ਕਿ
ਕਦੇ ਇਕ ਗੀਤਾ ਵਸਲ ਦਾ ਵੀ ਗਾ ਲੈ
ਜਾਂ ਸਾਰੀ ਜ਼ਿੰਦਗੀ ਵਿਛੋੜੇ 'ਚ ਹੀ
ਤੜਫਦੇ ਗੀਤ ਗਾਵੇਂਗਾ
ਪਰ ਸੱਚ ਜਾਣੀ
ਤੇਰੇ ਹਿਜ਼ਰ 'ਚ ਡੁੱਬੇ ਰਹਿਣ ਦਾ
ਅਨੰਦ ਹੀ ਕੁੱਝ ਹੋਰ ਹੈ
ਨਹੀਂ ਤਾਂ ਮੈਂ ਵੀ ਯਾਰਾਂ ਸੰਗ ਰਲ
ਜਸ਼ਨ ਮਨਾਊਂਦਾ
ਭੰਗੜੇ ਪਾਉਂਦਾ ਫਿਰਦਾ
ਅਜੋਕੀ ਪੀੜ੍ਹੀ ਦੇ ਗਭਰੂਆਂ ਵਾਂਗ
ਪਰ ਮੈਂ ਤਾਂ ਉਮਰੋਂ ਪਹਿਲਾਂ ਹੀ
ਸੋਚਣ ਲੱਗ ਪਿਆ ਸੀ ਬਜ਼ੁਰਗਾਂ ਵਾਂਗ
ਮੇਰੇ ਚਾਅ ਵੀ ਮਰ ਗਏ ਸਨ
ਅਲ੍ਹੜ ਉਮਰੇ ਹੀ
ਮੈਂ ਫੇਰ ਕਦੇ ਖੁਲ੍ਹ ਕੇ ਨਹੀਂ ਹੱਸਿਆ
ਅੱਜ ਤੱਕ
ਤੇ ਹੁਣ ਹੰਡਾ ਰਿਹਾ ਹਿਜ਼ਰ ਦੀ ਜੂਨ
ਪਰ ਤੈਂ ਵੀ ਕਦੇ ਤਰਸ ਨਹੀਂ ਕੀਤਾ
ਨਹੀਂ ਤਾਂ ਮੇਰੀ ਅੱਖ ਦੇ ਹੰਝੂ ਪੀ
ਮੇਰੇ ਸਾਰੇ ਦਰਦ ਸਮੇਟ
ਮੈਨੂੰ ਕਰ ਦੇਣਾ ਸੀ ਸੁਰਖਰੂ
ਇਸ ਜੂਨ ਤੋਂ
ਹੁਣ ਤਾਂ ਬੱਸ ਆਦੀ ਜਿਹਾ ਹੋ ਗਿਆਂ
ਤੇਰੀ ਯਾਦ ਤੇ ਤੇਰੀ ਤਸਵੀਰ ਸੰਗ
ਰਲ ਕੇ ਗਮ ਦੇ ਗੀਤ ਗਾਉਣ ਦਾ
ਚਿੱਤ ਕਰੇ ਤਾਂ ਤੁੰ ਵੀ
ਕਦੇ ਸੁਣ ਜਾਂਈ ਮੇਰੇ ਦਰਦ ਭਰੇ ਗੀਤ।
ਭੁਪਿੰਦਰ ਪੁੰਨੀਵਾਲਾ

ਭਿੰਦਰ ਜਲਾਲਾਬਾਦੀ

ਤੂੰ ਨਹੀਂ ਸਮਝ ਸਕਦੀ 
 (ਕਹਾਣੀ)


ਜਦ ਉਸ ਦਾ ਬਾਪ ਬਿਮਾਰ ਹੋਇਆ ਤਾਂ ਨਿੰਦੀ ਸੱਤ ਕੁ ਸਾਲ ਦੀ ਬਾਲੜੀ ਸੀ।
ਬਾਪ ਦੀ ਬਿਮਾਰੀ ਬਾਰੇ ਤਾਂ ਉਸ ਨੂੰ ਬਹੁਤਾ ਭੇਦ ਨਹੀਂ ਸੀ।
ਪਰ ਉਹ ਸਮਾਜ ਦੇ ਠੇਡੇ-ਠ੍ਹੋਕਰਾਂ ਖਾਂਦੀ ਬਚਪਨ ਵਿਚ ਹੀ ਕੁਝ ਸੋਚਣ ਅਤੇ ਕੁਝ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨ ਲੱਗ ਪਈ ਸੀ। ਜਦ ਉਸ ਦੀ ਮਾਂ ਪੁੱਛਣ ‘ਤੇ ਕਿਸੇ ਨੂੰ ਉਸ ਦੇ ਬਾਪ ਦੀ ਬਿਮਾਰੀ ਬਾਰੇ ਦੱਸਦੀ ਤਾਂ ਸੁਣਨ ਵਾਲੇ ਆਮ ਹੀ ਆਖਦੇ, "ਬੜੀ ਚੰਦਰੀ ਬਿਮਾਰੀ ਐ ਭੈਣੇ ਇਹ ਤਾਂ, ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ!" ਸੁਣ ਕੇ ਉਹ ਡਰ ਨਾਲ ਸਹਿਮ ਜਾਂਦੀ ਕਿ ਜਿਹੜੀ ਬਿਮਾਰੀ ਨੂੰ ਲੋਕ ‘ਚੰਦਰੀ’ ਦੱਸਦੇ ਹਨ, ਪਤਾ ਨਹੀਂ ਕਿੱਡੀ ਕੁ ਘਾਤਕ ਬਿਮਾਰੀ ਹੋਵੇਗੀ? ਪਰ ਉਸ ਨੂੰ ਸਮਝ ਕੋਈ ਨਾ ਪੈਂਦੀ ਅਤੇ ਨਾ ਹੀ ਉਸ ਦੀ ਬਾਲੜੀ ਸੋਚ ਕੋਈ ਕੰਮ ਹੀ ਕਰਦੀ ਸੀ।
ਉਸ ਦੀ ਮਾਂ ਸਵੇਰੇ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਚਲੀ ਜਾਂਦੀ ਅਤੇ ਪੰਜ-ਸੱਤ ਘਰਾਂ ਦਾ ਕੰਮ ਨਬੇੜ ਕੇ ਸ਼ਾਮ ਨੂੰ ਘਰ ਪਰਤਦੀ। ਦਰ-ਦਰ ਕੰਮ ਕਰਦੀ, ਥੱਕੀ ਟੁੱਟੀ ਉਸ ਦੀ ਮਾਂ ਸ਼ਾਮ ਤੱਕ ਪਟੜੇ ਵਾਂਗ ਆਕੜ ਜਾਂਦੀ ਅਤੇ ਘਰ ਆ ਕੇ ਮੰਜੇ ‘ਤੇ ਡਿੱਗ ਪੈਂਦੀ। ਨਿੰਦੀ ਉਸ ਨੂੰ ਚਾਹ ਪੁੱਛਦੀ ਤਾਂ ਉਹ ਅੱਖਾਂ ਭਰ ਕੇ ਇੱਕੋ ਗੱਲ ਹੀ ਆਖਦੀ, "ਤੂੰ ਆਪਣੇ ਪਿਉ ਨੂੰ ਚਾਹ ਦੇ ਦਿੱਤੀ ਸੀ ਪੁੱਤ?" ਤਾਂ ਉਹ ਮਾਂ ਦੀ ਖ਼ਸਤਾ ਹਾਲਤ ਦੇਖ ਕੇ ‘ਹਾਂ’ ਵਿਚ ਉੱਤਰ ਮੋੜਦੀ। ਪਰ ਮਾਂ ਦੇ ਦੁੱਖ ਵਿਚ ਉਸ ਦਾ ਮੂੰਹੋਂ ਬੋਲ ਨਾ ਨਿਕਲਦਾ। ਉਸ ਦਾ ਬਾਪ ਸੁੱਕੇ ਦਰੱਖ਼ਤ ਦੇ ਮੁੱਢ ਵਾਂਗ ਇੱਕ ਖੂੰਜੇ ਹੀ ਪਿਆ ਰਹਿੰਦਾ। ਉਹ ਬੱਸ ਅੱਖਾਂ ਹੀ ਝਪਕਦਾ। ਹੋਰ ਉਸ ਦਾ ਕੋਈ ਅੰਗ ਬਹੁਤੀ ਹਰਕਤ ਨਾ ਕਰਦਾ। ਉਸ ਨੂੰ ਇਸ ਤਰ੍ਹਾਂ ਪਿਆ ਦੇਖ ਕੇ ਨਿੰਦੀ ਨੂੰ ਲੋਕਾਂ ਦੀ ਆਖੀ ‘ਚੰਦਰੀ’ ਬਿਮਾਰੀ ਤੋਂ 'ਭੈਅ' ਆਉਣ ਲੱਗ ਜਾਂਦਾ ਅਤੇ ਉਹ ਦੋਨੋਂ ਹੱਥ ਜੋੜ ਕੇ ਮੂੰਹ ਅਸਮਾਨ ਵੱਲ ਚੁੱਕ ਕੋਈ ਦੁਆ ਮੰਗਦੀ ਕਿ ਰੱਬ ਵਾਕਿਆ ਹੀ ਕਿਸੇ ਨੂੰ ਅਜਿਹੀ ਬਿਮਾਰੀ ਨਾ ਲਾਵੇ!
ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਕਿਵੇਂ ਬਾਪੂ ਦਿਵਾਲੀ ਵਾਲੇ ਦਿਨ ਉਸ ਲਈ ਮਠਿਆਈ, ਪਟਾਕੇ ਅਤੇ ਫ਼ੁੱਲਝੜੀਆਂ ਲਿਆਇਆ ਸੀ। ਨਿੰਦੀ ਦੇ ਮੂੰਹ ਵਿਚ ਮਠਿਆਈ ਪਾਉਣ ਲੱਗਿਆ ਉਹ ਬੋਲਿਆ ਸੀ, "ਲੈ ਬਈ ਨਿੰਦਿਆ! ਅੱਜ ਦਿਵਾਲੀ ਐ, ਮਾਰ ਮਸਤੀ! ਕਰ ਐਸ਼ ਆਪਣੇ ਬਾਪੂ ਦੇ ਸਿਰ ‘ਤੇ! ਜੇ ਕੋਈ ਚੀਜ਼ ਲਿਆਉਣੀ ਮੈਂ ਭੁੱਲ ਗਿਆ ਤਾਂ ਹੁਣੇ ਈ ਦੱਸ ਦੇਹ!" ਤਾਂ ਉਸ ਨੇ ਭੋਲੇਪਨ ਨਾਲ ਉੱਤਰ ਦਿੱਤਾ, "ਪਾਪਾ, ਤੁਸੀਂ ਮੇਰੀ ਹੱਟੜੀ ਤਾਂ ਲੈ ਕੇ ਨਹੀਂ ਆਏ?"
"ਓਹ ਲੈ ਬਈ! ਉਹ ਤਾਂ ਮੈਂ ਭੁੱਲ ਹੀ ਗਿਆ! ਚੱਲ ਆਪਾਂ ਹੁਣ ਜਾ ਕੇ ਲੈ ਆਉਂਦੇ ਆਂ, ਇਹ ਵੀ ਕੋਈ ਗੱਲ ਐ?" ਉਸ ਨੇ ਮੱਥੇ ‘ਤੇ ਹੱਥ ਮਾਰ ਕੇ ਕਿਹਾ ਸੀ।
"ਤੁਸੀਂ ਇਹਨੂੰ ਬਹੁਤਾ ਸਿਰ ਨਾ ਚਾੜ੍ਹੋ! ਸਰ ਜਾਊਗਾ ਸਾਡਾ ਹੱਟੜੀ ਬਿਨਾ! ਹੈਨ੍ਹੀ ਸਾਡੇ ਕੋਲੇ ਐਨੇ ਪੈਸੇ!" ਨਿੰਦੀ ਦੀ ਮਾਂ ਨੇ ਕਿਹਾ।
"ਤੂੰ ਸਾਡੀ ਪਿਉ-ਧੀ ਦੀ ਗੱਲ ‘ਚ ਨਾ ਬੋਲਿਆ ਕਰ! ਚੱਲ ਪੁੱਤ ਨਿੰਦੀ, ਆਪਾਂ ਲੈ ਕੇ ਆਈਏ ਤੇਰੀ ਹੱਟੜੀ! ਤੇਰੀ ਮਾਂ ਨੂੰ ਤਾਂ ਆਪਣੀ ਗੱਲ ਕੱਟਣ-ਟੋਕਣ ਦੀ ਬੁਰੀ ਆਦਤ ਐਂ!" ਤੇ ਉਹ ਦੋਨੋ ਹੱਸਦੇ ਫ਼ਿਰ ਬਜ਼ਾਰ ਨੂੰ ਤੁਰ ਪਏ।
ਨਿੰਦੀ ਦਾ ਬਾਪ ਕਬਾੜੀਏ ਦਾ ਛੋਟਾ-ਮੋਟਾ ਕਿੱਤਾ ਕਰਦਾ ਸੀ। ਪੁਰਾਣਾਂ ਲੋਹਾ, ਪੁਰਾਣਾਂ ਚਮੜਾ ਅਤੇ ਪੁਰਾਣੇ ਪਲਾਸਟਿਕ ਦਾ ਸਮਾਨ ਉਹ ਇਕੱਠਾ ਕਰਦਾ ਅਤੇ ਉਸ ਨੂੰ ਵੱਡੇ ਕਬਾੜੀਏ ਕੋਲ ਵੇਚ ਦਿੰਦਾ ਸੀ। ਇਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਤੁਰਿਆ ਜਾਂਦਾ ਸੀ।
ਉਹਨਾਂ ਨੇ ਨਿੰਦੀ ਦੀ ਹੱਟੜੀ ਖ਼ਰੀਦ ਲਈ।
"ਅੱਜ ਦਿਵਾਲੀ ਵਾਲੇ ਦਿਨ ਸੁੱਕਾ ਈ ਬਜ਼ਾਰ ਫ਼ਿਰਦੈਂ ਬਲਕਾਰਿਆ?" ਉਸ ਦੇ ਇੱਕ ਬੇਲੀ ਨੇ ਉਸ ਕੋਲ ਆ ਕੇ ਕਿਹਾ।
"ਅਜੇ ਨਿਆਣਿਆਂ ਦਾ ਸਮਾਨ ਲੈਂਦੇ ਫ਼ਿਰਦੇ ਐਂ, ਹੈ ਕੋਈ ਸਸਤੀ ਚੀਜ਼ ਲੱਗੀ ਕਿਤੇ?"
"ਸਸਤੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਚੀਜ਼ ਹੈ ਕੜਾਕੇ ਦੀ! ਕੰਮ ਕਾਰ ਤਾਂ ਨਿੱਤ ਈ ਕਰਨੇ ਐਂ, ਪੈਸੇ ਰੋਜ਼ ਕਮਾਉਣੇ ਐਂ, ਪਰ ਵਰ੍ਹੇ ਦਿਨਾਂ ਦੇ ਦਿਨ ਕਿਹੜਾ ਨਿੱਤ ਆਉਂਦੇ ਐ? ਪੰਜ ਕੀ, ਪੰਦਰਾਂ ਕੀ? ਅੱਜ ਤਾਂ ਕੰਡੇ ‘ਚ ਹੋ!"
"ਕਿੱਥੇ ਮਿਲਦੀ ਐ?"
"ਢੋਲੀ ਦੇ ਹਾਤੇ 'ਚੋਂ! ਮੰਡ ‘ਚੋਂ ਕੱਢ ਕੇ ਲਿਆਏ ਐ! ਵੀਹਾਂ ਦੀ ਬੋਤਲ ਐ!"
ਉਹ ਦੋਨੋਂ ਢੋਲੀ ਦੇ ਹਾਤੇ ਵੱਲ ਨੂੰ ਤੁਰ ਪਏ।
"ਨਿੰਦਿਆ! ਤੈਨੂੰ ਤੇਰਾ ਸਾਰਾ ਸਮਾਨ ਮਿਲ ਗਿਆ?"
"ਹਾਂ ਜੀ!" ਉਸ ਨੇ ਭੋਲੇ ਭਾਅ ਸਿਰ ਹਿਲਾਇਆ।
"ਲੈ ਪੁੱਤ ਫ਼ੇਰ ਅਸੀਂ ਆਪਣਾ ਕੰਮ ਕਰ ਲਈਏ ਹੁਣ!" ਤੇ ਉਹ ਢੋਲੀ ਦੇ ਹਾਤੇ ਵਿਚੋਂ ਬੋਤਲ ਲੈਣ ਵੜ ਗਿਆ।
ਚਾਹੇ ਨਿੰਦੀ ਨੂੰ ਬਹੁਤੀ ਸਮਝ ਨਹੀਂ ਪਈ ਸੀ। ਪਰ ਉਸ ਨੂੰ ਪਾਪਾ ਜੀ ਦਾ ਬੋਤਲ ਲੈਣਾਂ ਚੰਗਾ ਵੀ ਨਹੀਂ ਲੱਗਿਆ ਸੀ। ਨਿੰਦੀ ਦੀ ਮਾਂ ਬਲਕਾਰ ਨੂੰ ਬੋਤਲ ਲਿਆਉਣ ਤੋਂ ਰੋਕਦੀ-ਟੋਕਦੀ ਰਹਿੰਦੀ ਸੀ, ਇਸ ਲਈ ਇਸ ਦਾ ਅਸਰ ਨਿੰਦੀ 'ਤੇ ਵੀ ਸੀ। ਪਰ ਅੱਜ ਦਿਵਾਲੀ ਦਾ ਤਿਉਹਾਰ ਹੋਣ ਅਤੇ ਪਟਾਕੇ ਚਲਾਉਣ ਦੀ ਖ਼ੁਸ਼ੀ ਹੋਣ ਕਰ ਕੇ ਉਸ ਨੇ ਬਹੁਤਾ ਕੋਈ ਮਹਿਸੂਸ ਨਹੀਂ ਕੀਤਾ ਸੀ।
ਬੋਤਲ ਬਲਕਾਰ ਨੇ ਲਿਆ ਕੇ ਰਸੋਈ ਦੇ ਖੂੰਜੇ ਰੱਖ ਦਿੱਤੀ।
"ਅੱਜ ਵਰ੍ਹੇ ਦਿਨਾਂ ਦਾ ਦਿਨ ਐਂ, ਅੱਜ ਤਾਂ ਇਸ ਤੋਂ ਪ੍ਰਹੇਜ਼ ਕਰ ਲੈਣਾਂ ਸੀ?" ਕੰਤੋ ਨੇ ਕਿਹਾ।
"ਅੱਜ ਤਾਂ ਖ਼ੁਸ਼ੀ ਦਾ ਦਿਨ ਐਂ, ਜੇ ਅੱਜ ਨਹੀਂ ਪੀਣੀਂ, ਤਾਂ ਹੋਰ ਕਿਸ ਦਿਨ ਪੀਣੀ ਐਂ? ਲਿਆ ਕੁਛ ਖਾਣ ਪੀਣ ਨੂੰ ਤਾਂ ਦੇਹ!" ਉਸ ਨੇ ਪੈੱਗ ਪਾ ਲਿਆ।
ਕੰਤੋ ਨੇ ਕੌਲੀ ਵਿਚ ਗੋਭੀ ਦੀ ਸਬਜ਼ੀ ਪਾ ਦਿੱਤੀ।
ਅਜੇ ਬਲਕਾਰ ਨੇ ਦੂਜਾ ਪੈੱਗ ਹੀ ਲਾਇਆ ਸੀ ਕਿ ਉਹ ਕਿਸੇ ਅੰਦਰੂਨੀ ਦਰਦ ਨਾਲ ਕਮਾਨ ਵਾਂਗ ਦੂਹਰਾ ਹੋ ਗਿਆ।
ਕੰਤੋ ਅੰਦਰ ਨਿੰਦੀ ਕੋਲ ਸੀ।
"ਕੁੜ੍ਹੇ ਨਿੰਦੀ, ਆਹ ਗੁਆਂਢੀਆਂ ਦੇ ਕੋਠੇ 'ਤੇ ਕੋਈ ਬਿੱਲੀ ਰੋਈ ਜਾਂਦੀ ਐ, ਤੂੰ ਪਟਾਕਾ-ਪਟੂਕਾ ਚਲਾ ਕੋਈ, ਡਰ ਕੇ ਦਫ਼ਾ ਹੋਵੇ ਚੰਦਰੀ!" ਉਸ ਨੇ ਕੰਨ 'ਤੇ ਜ਼ੋਰ ਪਾ ਕੇ ਸੁਣਿਆਂ।
"ਬਿੱਲੀ ਰੋਣ ਨਾਲ ਕੀ ਹੁੰਦੈ, ਮਾਂ?"
"ਬਿੱਲੀ ਰੋਂਦੀ ਮਾੜੀ ਹੁੰਦੀ ਐ ਪੁੱਤ!"
"ਮੈਨੂੰ ਤਾਂ 'ਕੱਲੀ ਨੂੰ ਪਟਾਕਾ ਚਲਾਉਂਦੀ ਨੂੰ ਡਰ ਲੱਗੂ! ਤੂੰ ਪਾਪਾ ਜੀ ਨੂੰ ਆਖ, ਉਹ ਮੇਰੇ ਨਾਲ ਚਲਾਉਣਗੇ!"
ਧੀ ਦੀ ਗੱਲ ਸੁਣ ਕੇ ਕੰਤੋ ਬਾਹਰ ਆ ਗਈ।
ਜਦ ਉਸ ਨੇ ਰਸੋਈ ਵੱਲ ਨਜ਼ਰ ਮਾਰੀ ਤਾਂ ਬਲਕਾਰ ਮੂਧੇ ਮੂੰਹ, ਸਪਾਲ ਪਿਆ ਸੀ।
"ਨੀ ਨਿੰਦੀ..! ਨੀ ਦੇਖ ਨੀ, ਤੇਰੇ ਭਾਪੇ ਨੂੰ ਕੀ ਹੋ ਗਿਆ..!" ਉਸ ਨੇ ਚੀਕ ਨਹੀਂ, ਚੰਘਿਆੜ ਮਾਰੀ ਸੀ।
ਨਿੰਦੀ ਵੀ ਸਭ ਕੁਝ ਸੁੱਟ ਬਾਹਰ ਆ ਗਈ।
ਬਲਕਾਰ ਦੇ ਮੂੰਹ ਵਿਚੋਂ ਖ਼ੂਨ ਵਗੀ ਜਾ ਰਿਹਾ ਸੀ। ਦੇਖ ਕੇ ਨਿੰਦੀ ਰੋਣ ਲੱਗ ਪਈ।
ਕੰਤੋ ਨੇ ਹਾਲ-ਦੁਹਾਈ ਪਾਈ ਤਾਂ ਆਂਢ-ਗੁਆਂਢ ਇਕੱਠਾ ਹੋ ਗਿਆ।
"ਇਹਨੇ ਖਾਧਾ ਪੀਤਾ ਕੀ ਐ?" ਕਿਸੇ ਬਜ਼ੁਰਗ ਨੇ ਗੱਲ ਦਾ ਜਾਇਜ਼ਾ ਜਿਹਾ ਲੈਣਾਂ ਚਾਹਿਆ।
"ਆਹ ਦਾਰੂ ਪੀ ਜਾਂਦਾ ਸੀ ਬਾਬਾ ਜੀ!" ਕੰਤੋ ਨੇ ਬੋਤਲ ਚੁੱਕ ਕੇ ਦਿਖਾ ਦਿੱਤੀ, "ਮੈਂ ਬਥੇਰਾ ਰੋਕਿਆ, ਪਰ ਹਟਿਆ ਨੀ!" ਉਹ ਫ਼ਿਰ ਰੋ ਪਈ।
"ਇਹ ਤਾਂ ਭਾਈ ਦਾਰੂ ਵਿਚ ਈ ਕੋਈ ਖੋਟ ਐ, ਚੱਕੋ ਇਹਨੂੰ ਹਸਪਤਾਲ ਲੈ ਕੇ ਚੱਲਦੇ ਐਂ! ਉਏ ਗ੍ਹੀਟਿਆ! ਲਿਆ ਉਏ ਕੋਈ ਰਿਕਸ਼ੇ ਵਾਲਾ ਫ਼ੜ ਕੇ, ਜਲਦੀ!"
ਗ੍ਹੀਟਾ ਅੱਭੜਵਾਹਿਆਂ ਵਾਂਗ ਬਾਹਰ ਨੂੰ ਭੱਜ ਲਿਆ।
ਦਿਵਾਲੀ ਦਾ ਤਿਉਹਾਰ ਹੋਣ ਕਰਕੇ ਕੋਈ ਰਿਕਸ਼ਾ ਵੀ ਨਹੀਂ ਮਿਲ ਰਿਹਾ ਸੀ। ਸਭ ਘਰੋ-ਘਰੀ ਦਿਵਾਲੀ ਦੀ ਮੌਜ ਵਿਚ ਸਨ।
ਅਖੀਰ ਇਕ ਰਿਕਸ਼ਾ ਚਾਲਕ ਦਾ ਮਿੰਨਤ ਤਰਲਾ ਕਰਕੇ ਉਸ ਨੂੰ ਹਸਪਤਾਲ ਲਿਜਾਣ ਲਈ ਰਾਜ਼ੀ ਕਰ ਲਿਆ।
ਬਲਕਾਰ ਨੂੰ ਰਿਕਸ਼ੇ ਵਿਚ ਲੱਦ ਉਹ ਹਸਪਤਾਲ ਨੂੰ ਤੁਰ ਪਏ।
"ਬਾਬਾ ਜੀ ਮੈਂ ਤਾਂ ਬਥੇਰਾ ਪੀਣ ਤੋਂ ਵਰਜਿਆ, ਪਰ ਕਾਹਨੂੰ ਕੋਈ ਗੱਲ ਮੰਨਦਾ ਸੀ!" ਕੰਤੋ ਰਿਕਸ਼ੇ ਦੇ ਨਾਲ ਤੁਰੀ ਜਾਂਦੀ, ਵਿਰਲਾਪ ਕਰਦੀ ਜਾ ਰਹੀ ਸੀ।
"ਦਿਲ ਨਾ ਹੌਲਾ ਕਰ ਭਾਈ! ਰੱਬ ਭਲੀ ਕਰੂਗਾ!" ਬਾਬਾ ਫ਼ੋਕਾ ਹੀ ਧਰਵਾਸ ਦੇਈ ਆ ਰਿਹਾ ਸੀ। ਵੈਸੇ ਉਸ ਨੂੰ ਕੋਈ ਗੱਲ ਜ਼ਰੂਰ 'ਖੁੜਕ' ਗਈ ਸੀ। ਬਲਕਾਰ ਦੇ ਚਿਹਰੇ 'ਤੇ ਪਿਲੱਤਣ ਛਾ ਗਈ ਸੀ ਅਤੇ ਅੱਖਾਂ ਜ਼ਰਦ ਹੋ ਚੁੱਕੀਆਂ ਸਨ। ਮੂੰਹ ਵਿਚੋਂ ਖ਼ੂਨ ਵਗਣੋਂ ਰੁਕ ਗਿਆ ਸੀ।
ਉਹਨਾਂ ਨੇ ਰਿਕਸ਼ਾ ਹਸਪਤਾਲ ਜਾ ਕੇ ਲਾਇਆ ਤਾਂ ਪਤਾ ਲੱਗਿਆ ਕਿ ਹਸਪਤਾਲ ਵਿਚ ਤਾਂ ਐਸ ਸਮੇਂ ਕੋਈ ਡਾਕਟਰ ਹੀ ਹਾਜ਼ਰ ਨਹੀਂ ਸੀ। ਨਰਸਾਂ ਅਤੇ ਕੰਪਾਊਡਰ ਇਸ ਜ਼ੋਖ਼ਮ ਭਰੇ ਕੇਸ ਨੂੰ ਹੱਥ ਨਹੀਂ ਪਾ ਰਹੇ ਸਨ।
"ਭਾਈ ਤੂੰ ਡਾਕਦਾਰ ਨੂੰ ਫ਼ੂਨ ਤਾਂ ਲਾ ਕੇ ਦੇਖ, ਨਹੀਂ ਬੰਦਾ ਭੰਗ ਦੇ ਭਾੜੇ ਈ ਜਾਊ!" ਬਾਬੇ ਨੇ ਹੱਥ ਜੋੜੇ।
ਡਾਕਟਰ ਨੂੰ ਫ਼ੋਨ ਮਿਲਾਇਆ। ਪਰ ਵਾਰ ਵਾਰ ਫ਼ੋਨ ਮਿਲਾਉਣ ਦੇ ਬਾਵਜੂਦ ਵੀ ਕਿਸੇ ਨੇ ਫ਼ੋਨ ਨਾ ਚੁੱਕਿਆ।
"ਇਕ ਤਾਂ ਬਾਬਾ ਜੀ ਅੱਜ ਦਿਵਾਲੀ ਐ।" ਨਰਸ ਨੇ ਕਿਹਾ।
"ਉਹ ਤਾਂ ਮੈਂ ਵੀ ਮੰਨਦੈਂ ਬੀਬੀ, ਪਰ ਸਰਕਾਰੀ ਹਸਪਤਾਲ 'ਚ ਕੋਈ ਡਾਕਦਾਰ ਤਾਂ ਹੋਣਾਂ ਚਾਹੀਦੈ, ਬੰਦੇ ਦੀ ਹਾਲਤ ਖ਼ਰਾਬ ਐ, ਤੂੰ ਉਹਨੂੰ ਫ਼ੂਨ ਫ਼ੇਰ ਲਾ ਮੇਰਾ ਪੁੱਤ ਬਣਕੇ!"
ਪੰਜ-ਸੱਤ ਕੋਸ਼ਿਸ਼ਾਂ ਤੋਂ ਬਾਅਦ ਜਾ ਕੇ ਡਾਕਟਰ ਨੇ ਫ਼ੋਨ ਚੁੱਕਿਆ।
"ਤੁਸੀਂ ਮੈਨੂੰ ਅਵਾਜ਼ਾਰ ਕਿਉਂ ਕਰੀ ਜਾਨੇ ਐਂ?" ਉਸ ਦੀ ਅਵਾਜ਼ ਵਿਚ ਕਾਫ਼ੀ ਤਪਸ਼ ਸੀ।
"ਸੌਰੀ ਡਾਕਟਰ ਸਾਹਿਬ, ਇਕ ਬਹੁਤ ਹੀ ਸੀਰੀਅਸ ਕੇਸ ਹੈ!"
ਡਾਕਟਰ ਨੇ ਪਤਾ ਨਹੀਂ ਕੀ ਆਖਿਆ? ਪਰ ਉਹ ਆਸ ਜਿਹੀ ਲਾ ਕੇ ਬੈਠ ਗਏ। ਬਲਕਾਰ ਫੱਟੇ ਵਾਂਗ ਆਕੜਿਆ, ਸ਼ਾਂਤ ਪਿਆ ਸੀ।
ਅਜੇ ਡਾਕਟਰ ਹਸਪਤਾਲ ਪਹੁੰਚਿਆ ਨਹੀਂ ਸੀ ਕਿ ਬਲਕਾਰ ਵਰਗੇ ਹੋਰ ਕੇਸ ਵੀ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ। ਇਕ ਗਰਦੋਗੋਰ ਮੱਚ ਗਈ ਸੀ।
ਹੁਣ ਲੋਕਾਂ ਨੂੰ ਮਹਿਸੂਸ ਹੋ ਗਿਆ ਸੀ ਕਿ ਸ਼ਹਿਰ ਵਿਚ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਹਨ।
ਤਕਰੀਬਨ ਵੀਹ ਕੇਸ ਹਸਪਤਾਲ ਪਹੁੰਚ ਚੁੱਕੇ ਸਨ। ਪਰ ਡਾਕਟਰ ਅਜੇ ਵੀ ਨਹੀਂ ਬਹੁੜਿਆ ਸੀ।
ਪੂਰੇ ਸ਼ਹਿਰ ਵਿਚ ਗੱਲ ਜੰਗਲ ਦੀ ਅੱਗ ਵਾਂਗ ਫ਼ੈਲ ਗਈ। ਲੋਕਾਂ ਨੇ ਪੁਲੀਸ, ਪ੍ਰਸ਼ਾਸਨ ਅਤੇ ਗੌਰਮਿੰਟ ਦੀ 'ਮੁਰਦਾਬਾਦ' ਕਰਨੀ ਸ਼ੁਰੂ ਕਰ ਦਿੱਤੀ। ਲੋਕ ਭੜ੍ਹਕ ਗਏ ਸਨ। ਜਦ ਡਾਕਟਰ ਆਇਆ ਤਾਂ ਲੋਕਾਂ ਨੇ ਉਸ ਨੂੰ ਆਉਂਦੇ ਹੀ ਕਾਰ ਵਿਚੋਂ ਲਾਹ ਲਿਆ ਅਤੇ ਜੰਮ ਕੇ ਕੁੱਟ ਮਾਰ ਕੀਤੀ। ਪੁਲੀਸ ਨੇ ਵਿਚ ਪੈ ਕੇ ਡਾਕਟਰ ਮਸਾਂ ਹੀ ਲੋਕਾਂ ਦੇ ਹਜੂਮ ਹੇਠੋਂ ਕੱਢਿਆ।
"ਉਏ ਕਮਲਿਓ! ਇਹਨੂੰ ਕਿਉਂ ਕੁੱਟੀ ਜਾਨੇ ਐਂ, ਇਹਨੂੰ ਮਰੀਜ਼ ਦੇਖ ਲੈਣ ਦਿਓ!" ਸਿਆਣੇ ਬਾਬੇ ਨੇ ਦੁਹਾਈ ਦਿੱਤੀ।
ਭੜ੍ਹਕੇ ਲੋਕਾਂ ਦੀ ਸੁਰਤ ਪਰਤੀ। ਮਰੀਜ਼ ਅੰਦਰ ਲਿਜਾਣੇ ਸ਼ੁਰੂ ਹੋ ਗਏ।
ਅੱਠ ਵਿਅਕਤੀ ਮਰ ਚੁੱਕੇ ਸਨ ਅਤੇ ਬਾਕੀ ਅਜੇ ਸਹਿਕ ਰਹੇ ਸਨ। ਲਾਠੀਚਾਰਜ ਕਰ ਕੇ ਪੁਲੀਸ ਨੇ ਸਥਿਤੀ ਕਾਫ਼ੀ ਹੱਦ ਤੱਕ ਕਾਬੂ ਹੇਠ ਕਰ ਲਈ ਸੀ।
"ਇਹ ਮਰ ਗਿਆ ਬਾਬਾ, ਇਹਨੂੰ ਲੈ ਜਾਓ!" ਕੰਮਪਾਊਡਰ ਨੇ ਬੜੇ ਰੁੱਖੇ ਲਹਿਜੇ ਵਿਚ ਕਿਹਾ।
ਅਥਾਹ ਦੁੱਖ ਵਿਚ ਸਿਰ ਫ਼ੇਰਦਾ ਬਾਬਾ ਬਾਹਰ ਆ ਗਿਆ।
"ਚੁੱਕੋ ਭਾਈ! ਇਹ ਪੂਰਾ ਹੋ ਗਿਐ!" ਅੰਦਰੋਂ ਆਉਂਦੇ ਬਾਬੇ ਨੇ ਅਤੀਅੰਤ ਦੁੱਖ ਨਾਲ ਕਿਹਾ।
ਕੰਤੋ ਦਾ ਰੋਣਾਂ-ਪਿੱਟਣਾ ਹੋਰ ਉੱਚਾ ਹੋ ਗਿਆ।
"ਵੇ ਡਾਕਟਰੋ, ਤੁਹਾਡਾ ਕੱਖ ਨਾ ਰਹੇ ਵੇ! ਤੁਸੀਂ ਮੇਰੇ ਸਿਰ ਦਾ ਸਾਈਂ ਮਾਰ ਦਿੱਤਾ! ਪੈ ਜਾਣ ਵੇ ਕੀੜੇ ਤੁਹਾਡੇ!"
"ਬੀਬੀ ਤੂੰ ਸ਼ਰਾਬ ਵੇਚਣ ਵਾਲਿਆਂ ਨੂੰ ਕਿਉਂ ਨੀ ਕੁਛ ਕਹਿੰਦੀ? ਸਾਨੂੰ ਈ ਕਿਉਂ ਗਾਲ੍ਹਾਂ ਕੱਢੀ ਜਾਂਦੀ ਐਂ?" ਹਸਪਤਾਲ ਦੇ ਇਕ ਕਰਮਚਾਰੀ ਦੇ ਸਿਰ ਵਿਚ ਬਿਨਾਂ ਕਸੂਰੋਂ ਜੁੱਤੀਆਂ ਵੱਜ ਗਈਆਂ ਸਨ। ਉਹ ਆਪਣੇ ਦਿਲ ਦੀ ਭੜ੍ਹਾਸ ਕੰਤੋ 'ਤੇ ਕੱਢ ਗਿਆ ਸੀ।
"ਕਸੂਰ ਕਿਸੇ ਦਾ ਵੀ ਨਹੀਂ ਭਾਈ! ਕਸੂਰ ਤਾਂ ਸਾਡੀ ਕਿਸਮਤ ਦਾ ਹੈ!" ਬਾਬੇ ਨੇ ਬਲਕਾਰ ਦੀ ਲਾਸ਼ ਚੁੱਕਣ ਦਾ ਇਸ਼ਾਰਾ ਦੇ ਦਿੱਤਾ।
ਉਹ ਲਾਸ਼ ਨੂੰ ਘਰ ਕੋਲ ਲੈ ਆਏ।
"ਆਪਣਾ ਬਲਕਾਰ ਤਾਂ ਹਿਲਦੈ ਬਾਬਾ..! ਬਾਬਾ ਆਪਣਾ ਬਲਕਾਰ ਜਿਉਂਦੈ..!" ਰਿਕਸ਼ੇ ਵਿਚ ਬੈਠੇ ਮੁੰਡੇ ਨੇ ਅਜੀਬ ਅਕਾਸ਼ਬਾਣੀ ਕੀਤੀ।
"ਕੀ ਕਿਹੈ..?" ਗੱਲ ਬਾਬੇ ਨੂੰ ਜਚੀ ਨਹੀਂ ਸੀ।
"ਬਲਕਾਰ ਹਿੱਲਿਐ ਬਾਬਾ!"
"ਚਲੋ ਮੋੜੋ ਰਿਕਸ਼ਾ! ਜਲਦੀ ਕਰੋ!" ਬਾਬੇ ਨੂੰ ਅੱਚਵੀ ਜਿਹੀ ਲੱਗ ਗਈ।
ਉਹ ਵਾਹੋਦਾਹੀ ਹਸਪਤਾਲ ਪਹੁੰਚ ਗਏ।
"ਡਾਕਟਰ ਸਾਹਿਬ, ਜਿਸ ਬੰਦੇ ਨੂੰ ਤੁਹਾਡਾ ਕੰਮਪੋਡਰ ਮਰਿਆ ਆਖਦਾ ਸੀ, ਉਹ ਤਾਂ ਜਿਉਂਦੈ!"
ਡਾਕਟਰ ਭੂਚਾਲ ਵਿਚ ਪੈ ਗਿਆ। ਜਦ ਉਸ ਨੇ ਬਲਕਾਰ ਦੇ ਦਿਲ ਦੀ ਧੜਕਣ ਦੀ ਜਾਂਚ ਕੀਤੀ ਤਾਂ ਬਲਕਾਰ ਸੱਚੀਂ ਹੀ ਜਿਉਂਦਾ ਸੀ।
ਬਲਕਾਰ ਨੂੰ ਦਾਖ਼ਲ ਕਰ ਲਿਆ ਗਿਆ। ਜਿਉਂਦੇ ਹੋਣ ਦਾ ਸੰਕੇਤ ਸੁਣ ਕੇ ਕੰਤੋ ਦਾ ਰੋਣਾਂ ਹੁਣ ਕੁਝ ਠੱਲ੍ਹ ਗਿਆ ਸੀ। ਸ਼ਹਿਰ ਵਿਚ ਇਸ ਕਾਂਡ ਕਾਰਨ ਚਾਹੇ ਹਾਹਾਕਾਰ ਮੱਚੀ ਹੋਈ ਸੀ। ਪਰ ਕੰਤੋ ਦਾ ਦਿਲ ਹੁਣ ਕੁਝ ਸ਼ਾਂਤ ਸੀ। ਉਸ ਦੇ ਸਿਰ ਦਾ ਸਾਈਂ ਸਲਾਮਤ ਸੀ। ਹੋਰ ਉਸ ਨੇ ਰੱਬ ਤੋਂ ਕੀ ਲੈਣਾਂ ਸੀ? ਉਹ ਬਲਕਾਰ ਦੇ ਸਿਰਹਾਣੇ ਬੈਠੀ ਰੱਬ ਨੂੰ ਧਿਆ ਰਹੀ ਸੀ। ਬਲਕਾਰ ਦੇ ਸਿਰ 'ਤੇ ਗੁਲੂਕੋਜ਼ ਦੀ ਬੋਤਲ ਲਟਕ ਰਹੀ ਸੀ। ਪਰ ਉਹ ਅਜੇ ਵੀ ਨਿਢਾਲ ਸੀ।
ਇਕ ਦਮ ਹਸਪਤਾਲ ਵਿਚ ਰੌਲਾ ਉੱਚਾ ਉਠਿਆ। ਆਪੋਧਾਪੀ ਮੱਚੀ।
"ਕੀ ਹੋ ਗਿਆ ਕਾਕਾ? ਆਹ ਐਨੀਂ ਭੱਜ ਦੌੜ ਕਿਉਂ ਹੋਣ ਲੱਗਪੀ?" ਕੰਤੋ ਨੇ ਇੱਕ ਹਸਪਤਾਲ ਦੇ ਕਰਮਚਾਰੀ ਨੂੰ ਪੁੱਛਿਆ। ਨਿੰਦੀ ਉਸ ਨਾਲ ਸਹਿਮੀ ਬੈਠੀ ਸੀ।
"ਮੰਤਰੀ ਸਾਹਿਬ ਆ ਰਹੇ ਐ ਬੀਬੀ ਜੀ!" ਉਹ ਚੱਕਵੇਂ ਪੈਰੀਂ ਬਾਹਰ ਨਿਕਲ ਗਿਆ।
"ਟੁੱਟ ਪੈਣੇ ਮੰਤਰੀ ਨੇ ਕਾਹਦਾ ਆਉਣੈਂ, ਨਾਸੀਂ ਧੂੰਆਂ ਲਿਆ ਦਿੱਤਾ!" ਇਕ ਬਿਰਧ ਮਾਤਾ ਆਪਣੇ ਪੋਤਰੇ ਦੇ ਬੈੱਡ ਕੋਲ ਬੈਠੀ ਆਖ ਰਹੀ ਸੀ।
"ਇਹ ਕੀ ਕਰਨ ਆਇਐ ਹੁਣ?" ਕਿਸੇ ਹੋਰ ਨੇ ਪੁੱਛਿਆ।
"ਵੋਟਾਂ ਦਾ ਜੁਗਾੜ ਕਰਨ?" ਇਕ ਹੋਰ ਨੇ ਭਵਿੱਖਬਾਣੀ ਕੀਤੀ।
ਮੰਤਰੀ ਜੀ ਅੰਦਰ ਆਏ ਤਾਂ ਡਾਕਟਰ, ਪੁਲੀਸ ਅਤੇ ਪ੍ਰਸ਼ਾਸਨ ਉਹਨਾਂ ਦੇ ਅੱਗੇ ਪਿੱਛੇ ਘੁੰਮ ਰਹੇ ਸਨ।
ਮੰਤਰੀ ਜੀ ਨੇ ਬਿਮਾਰ ਬੰਦਿਆਂ ਦਾ ਮੋਟਾ ਜਿਹਾ ਜਾਇਜ਼ਾ ਲਿਆ। ਉਸ ਨੇ ਬਿਮਾਰਾਂ ਦਾ ਇਲਾਜ਼ ਮੁਫ਼ਤ ਕਰਨ ਦਾ ਹੁਕਮ ਕਰ ਦਿੱਤਾ। ਮਰੇ ਬੰਦਿਆਂ ਦੇ ਪ੍ਰੀਵਾਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਬਿਮਾਰ ਬੰਦਿਆਂ ਦੇ ਪ੍ਰੀਵਾਰਾਂ ਨੂੰ ਦਸ-ਦਸ ਹਜ਼ਾਰ ਰੁਪਏ ਦੇਣੇ ਐਲਾਨ ਦਿੱਤੇ।
"ਐਦੂੰ ਤਾਂ ਮੈਂ ਮਰ ਹੀ ਜਾਂਦਾ?" ਇਕ ਬੇਰੁਜ਼ਗਾਰ ਨੇ ਆਪਣੇ ਬੈੱਡ 'ਤੇ ਪਏ ਨੇ ਸੋਚਿਆ। ਦਸ ਹਜ਼ਾਰ ਦੀ ਜਗਾਹ ਘਰਦਿਆਂ ਨੂੰ ਲੱਖ ਰੁਪਏ ਤਾਂ ਮਿਲ ਜਾਂਦੇ? ਕੀ ਫ਼ਾਇਦਾ ਹੈ ਮੇਰੇ ਜਿਉਣ ਦਾ? ਘਰਦਿਆਂ 'ਤੇ ਨਿਰਾ ਬੋਝ ਹੀ ਤਾਂ ਹਾਂ!
"ਮੰਤਰੀ ਜੀ, ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੀ ਕੋਈ ਗ੍ਰਿਫ਼ਤਾਰੀ ਹੋਈ?" ਇਕ ਪੱਤਰਕਾਰ ਨੇ ਸੁਆਲ ਕੀਤਾ ਤਾਂ ਮੰਤਰੀ ਜੀ ਗਹਿਰੀ ਨਜ਼ਰ ਨਾਲ ਐੱਸ਼. ਐੱਸ਼. ਪੀ. ਵੱਲ ਝਾਕੇ।
"ਛਾਪੇਮਾਰੀ ਜਾਰੀ ਹੈ, ਦੋਸ਼ੀ ਬੜੀ ਹੀ ਜਲਦੀ ਗ੍ਰਿਫ਼ਤ ਵਿਚ ਲੈ ਲਏ ਜਾਣਗੇ!" ਐੱਸ਼. ਐੱਸ਼. ਪੀ. ਨੇ ਅੱਗੇ ਹੋ ਕੇ, ਮੰਤਰੀ ਜੀ ਦੀਆਂ ਅੱਖਾਂ ਠਾਰਨ ਲਈ ਪੱਤਰਕਾਰ ਨੂੰ ਬੜਾ ਸੰਖੇਪ ਅਤੇ ਘੜਿਆ ਘੜਾਇਆ ਉੱਤਰ ਦਿੱਤਾ।
"ਦੋਸ਼ੀਆਂ ਦੀ ਸ਼ਨਾਖ਼ਤ ਹੋ ਗਈ ਸਾਹਿਬ?" ਇਕ ਹੋਰ ਪੱਤਰਕਾਰ ਨੇ ਪ੍ਰਸ਼ਨ ਰੱਖਿਆ।
"ਨਹੀਂ, ਅਜੇ ਭਾਲ ਜਾਰੀ ਹੈ, ਸ਼ਨਾਖ਼ਤ ਬਹੁਤ ਜਲਦੀ ਕਰ ਲਈ ਜਾਵੇਗੀ!"
"ਸੁਆਹ, ਤੇ ਨਾਲੇ ਖੇਹ ਕਰ ਲਈ ਜਾਵੇਗੀ! ਹੁਣ ਤੱਕ ਕੀ ਕਰਦੇ ਰਹੇ ਐ?" ਬੈੱਡ ਕੋਲ ਬੈਠੀ ਬੇਬੇ ਫ਼ਿਰ ਤੜਪ ਉਠੀ।
ਮੱਖੀ ਵਾਂਗ ਭਿਣਕ ਕੇ ਮੰਤਰੀ ਜੀ ਚਲੇ ਗਏ।
ਹਸਪਤਾਲ ਦੇ ਕਰਮਚਾਰੀਆਂ ਨੂੰ ਮਸਾਂ ਹੀ ਸੁਖ ਦਾ ਸਾਹ ਆਇਆ।
ਨਹੀਂ ਤਾਂ ਉਹ ਅੱਧਾ ਘੰਟਾ ਸੁੱਕਣੇ ਪਏ ਰਹੇ ਸਨ।
ਪੰਜ ਦਿਨ ਬਲਕਾਰ ਹਸਪਤਾਲ ਰਿਹਾ। ਜਾਨ ਤਾਂ ਉਸ ਦੀ ਬਚ ਗਈ ਸੀ। ਪਰ ਉਸ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ। ਨਾ ਹੀ ਚੱਜ ਨਾਲ ਬੋਲਿਆ ਜਾ ਰਿਹਾ ਸੀ। ਡਾਕਟਰਾਂ ਨੇ ਉਸ ਦੀ ਸੀ. ਟੀ. ਸਕੈਨਿੰਗ ਕੀਤੀ ਤਾਂ ਪਤਾ ਲੱਗਿਆ ਕਿ ਜ਼ਹਿਰੀਲੀ ਸ਼ਰਾਬ ਨੇ ਉਸ ਦੇ ਦਿਮਾਗ ਦੀਆਂ ਕੁਝ ਨਾੜੀਆਂ ਨੂੰ 'ਬਲੌਕ' ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਹਿੱਲਣ-ਜੁੱਲਣ ਦੀ ਸ਼ਕਤੀ ਚਲੀ ਗਈ ਸੀ ਅਤੇ ਉਸ ਨੂੰ ਅਧਰੰਗਨੁਮਾਂ ਬਿਮਾਰੀ ਲੱਗ ਗਈ ਸੀ। ਡਾਕਟਰਾਂ ਅਨੁਸਾਰ ਇਸ ਬਿਮਾਰੀ ਦਾ ਕੋਈ ਇਲਾਜ਼ ਨਹੀਂ ਸੀ। ਹੁਣ ਸਾਰੀ ਉਮਰ ਉਸ ਨੂੰ ਇਸ ਨਾਮੁਰਾਦ ਬਿਮਾਰੀ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ। ਤੁਰਦਾ ਫ਼ਿਰਦਾ, ਘੋੜੇ ਵਰਗਾ ਬੰਦਾ ਇੱਕ ਤਰ੍ਹਾਂ ਨਾਲ ਹੁਣ ਮੰਜੇ ਜੋਕਰਾ ਹੀ ਰਹਿ ਗਿਆ ਸੀ। ਵੱਡੀ ਸਮੱਸਿਆ ਇਹ ਸੀ ਕਿ ਉਹ ਹੁਣ ਆਪਣੀ 'ਕਿਰਿਆ' ਵੀ ਨਹੀਂ ਸੋਧ ਸਕਦਾ ਸੀ। ਹੋਰ ਤਾਂ ਹੋਰ, ਹੁਣ ਤਾਂ ਉਸ ਤੋਂ ਆਪਣੇ ਆਪ ਮੰਜੇ 'ਤੇ ਪਾਸਾ ਵੀ ਨਹੀਂ ਲਿਆ ਜਾਂਦਾ ਸੀ। ਇਕੱਲਾ ਕਮਾਊ ਬੰਦਾ ਮੰਜੇ ਨਾਲ ਜੁੜ ਗਿਆ ਸੀ ਅਤੇ ਉਹਨਾਂ ਦਾ ਘਰ ਇਕ ਤਰ੍ਹਾਂ ਨਾਲ 'ਮੂਧਾ' ਵੱਜ ਗਿਆ ਸੀ। ਉਹ ਮੰਜੇ 'ਤੇ ਪਿਆ ਗੁੱਝਾ-ਗੁੱਝਾ ਰੋਂਦਾ ਰਹਿੰਦਾ। ਜਿਹੜੇ ਯਾਰ-ਮਿੱਤਰ ਅਤੇ ਰਿਸ਼ਤੇਦਾਰ ਉਸ ਦੇ ਆਪਣੇ ਬਣ-ਬਣ ਦਿਖਾਉਂਦੇ ਸਨ, ਉਹ ਵੀ ਪਾਸਾ ਵੱਟ ਗਏ। ਦੁਨੀਆਂ ਦਾ ਮੂੰਹ 'ਵਿੰਗਾ' ਹੋ ਗਿਆ।
"ਐਦੂੰ ਤਾਂ ਰੱਬ ਮੈਨੂੰ ਚੱਕ ਈ ਲੈਂਦਾ ਕੰਤੋ!" ਆਖ ਉਹ ਫ਼ਿਰ ਰੋ ਪਿਆ।
"ਤੂੰ ਚਿੰਤਾ ਕਿਉਂ ਕਰਦੈਂ? ਬਥੇਰਾ ਚਿਰ ਤੂੰ ਸਾਨੂੰ ਕਰ-ਕਰ ਕੇ ਖੁਆਇਆ, ਹੁਣ ਕੰਮ ਮੈਂ ਕਰਿਆ ਕਰੂੰ!" ਕੰਤੋ ਨੇ ਉਸ ਦਾ ਦਿਲ ਧਰਾਉਣ ਲਈ ਹਿੱਕ ਤਾਂ ਥਾਪੜ ਦਿੱਤੀ। ਪਰ ਮਨ ਉਸ ਦਾ ਪੁੱਛਿਆ ਹੀ ਜਾਣਦਾ ਸੀ। ਹੋਂਦ ਅਤੇ ਅਣਹੋਂਦ ਦਾ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਹੈ, ਜਦ ਕੋਈ ਚੀਜ਼ ਕੋਲ ਨਾ ਹੋਵੇ! ਹੋਂਦ ਵੇਲੇ ਬੰਦਾ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦਾ। ਪਰ ਜਦ ਉਹ ਚੀਜ਼ ਉਸ ਕੋਲੋਂ 'ਖੁੱਸ' ਜਾਂਦੀ ਹੈ, ਤਾਂ ਉਸ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ!
ਕੰਤੋ ਨੇ ਪੰਜ-ਸੱਤ ਘਰਾਂ ਦਾ ਕੰਮ ਲੈ ਲਿਆ। ਲੋਕਾਂ ਨੇ ਵੀ 'ਵਿਚਾਰੀ' ਜਿਹੀ ਸਮਝ ਕੇ ਮੱਦਦ ਵਜੋਂ ਉਸ ਨੂੰ ਕੰਮ ਦੇ ਦਿੱਤਾ।
ਕੰਤੋ ਸਵੇਰੇ ਮੂੰਹ ਹਨ੍ਹੇਰੇ ਕੰਮ 'ਤੇ ਚਲੀ ਜਾਂਦੀ ਅਤੇ ਗੂੜ੍ਹੀ ਰਾਤ ਪਈ ਤੋਂ ਘਰ ਆਉਂਦੀ। ਮਜਬੂਰੀ ਵੱਸ ਲੋਕਾਂ ਦੇ ਭਾਡੇ ਮਾਂਜ-ਮਾਂਜ ਕੇ ਉਸ ਦੇ ਪੋਟੇ ਘਸ ਚੱਲੇ ਸਨ। ਉਹ ਕੰਮ ਕਰਦੀ ਅੰਦਰੇ-ਅੰਦਰ ਰੋਂਦੀ। ਉਸ ਦੇ ਦਿਲ 'ਤੇ ਇਹ ਗੱਲ ਨਾਸੂਰ ਵਾਂਗ ਰੜਕਦੀ ਕਿ ਕਿੰਨਾਂ ਆਸਰਾ ਹੁੰਦਾ ਹੈ ਔਰਤ ਨੂੰ ਬੰਦੇ ਦਾ? ਜਦ ਬਲਕਾਰ ਤੰਦਰੁਸਤ ਸੀ ਤਾਂ ਉਸ ਨੂੰ ਘਰ ਦੇ ਕੰਮ ਤੋਂ ਬਿਨਾਂ ਹੋਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ। ਉਸ ਨੂੰ ਅਜੇ ਤੱਕ ਤਾਂ ਯਾਦ ਸੀ ਕਿ ਕਿਵੇਂ ਇੱਕ ਦਿਨ ਉਹ ਕਣਕ ਦਾ ਪੀਹਣ ਕਰਕੇ ਆਪ ਹੀ ਆਟੇ ਵਾਲੀ ਚੱਕੀ 'ਤੇ ਪਿਹਾਉਣਾਂ ਦੇ ਆਈ ਸੀ। ਜਦ ਬਲਕਾਰ ਨੂੰ ਪਤਾ ਲੱਗਿਆ ਕਿ ਮੇਰੇ ਘਰਵਾਲੀ ਇਕੱਲੀ ਚੱਕੀ 'ਤੇ ਗਈ ਸੀ, ਤਾਂ ਉਹ ਦੋ-ਤਿੰਨ ਦਿਨ ਕਲੇਸ਼ ਜਿਹਾ ਕਰਦਾ ਰਿਹਾ ਸੀ ਕਿ ਮੇਰੇ ਜਿਉਂਦੇ ਜੀਅ ਤੂੰ ਚੱਕੀ 'ਤੇ ਆਟਾ ਪਿਹਾਉਣ ਕਿਉਂ ਗਈ? ਲੋਕ ਕੀ ਆਖਣਗੇ? ਉਸ ਦਿਨ ਤੋਂ ਬਾਅਦ ਉਸ ਨੇ ਬਲਕਾਰ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੜ ਕਦੇ ਵੀ ਅਜਿਹੀ ਹਰਕਤ ਨਹੀਂ ਕਰੇਗੀ। ਪਰ ਅੱਜ਼..? ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀ ਜੂਠ ਵਿਚ ਹੀ ਹੱਥ ਮਾਰਦੀ, ਸਾਰਾ ਸਾਰਾ ਦਿਨ ਬਾਹਰ ਰਹਿੰਦੀ ਸੀ। ਦੁਖੀ ਤਾਂ ਬਲਕਾਰ ਵੀ ਬਥੇਰਾ ਸੀ। ਪਰ ਉਸ ਦੇ ਕੋਈ ਵੱਸ ਨਹੀਂ ਸੀ। ਉਹ ਦਾਰੂ ਪੀਣ 'ਤੇ ਪਛਤਾਵਾ ਕਰਦਾ, ਕਿ 'ਜੇ' ਉਹ ਸ਼ਰਾਬ ਨਾ ਪੀਂਦਾ, ਤਾਂ ਘਰ 'ਤੇ ਆਹ ਦਿਨ ਨਾ ਆਉਂਦੇ! ਪਰ ਹੁਣ ਉਸ ਦੀ 'ਜੇ' ਉਸ ਦੇ ਹੱਥ ਨਾ ਆਉਂਦੀ। 'ਜੇ' ਉਸ ਨੂੰ ਡਾਹ ਨਾ ਦਿੰਦੀ ਅਤੇ ਉਹ ਅੱਖਾਂ ਬੰਦ ਕਰ ਲੈਂਦਾ। ਕੋਸੇ ਹੰਝੂ ਉਸ ਦੀਆਂ ਗੱਲਾਂ 'ਤੇ ਡੁੱਲ੍ਹਦੇ ਰਹਿੰਦੇ।
ਸਵੇਰੇ ਕੰਤੋ ਨਿੰਦੀ ਅਤੇ ਬਲਕਾਰ ਦੀ ਰੋਟੀ ਲਾਹ ਕੇ ਰੱਖ ਜਾਂਦੀ। ਨਿੰਦੀ ਬਲਕਾਰ ਨੂੰ ਰੋਟੀ ਖੁਆ ਦਿੰਦੀ। ਬਲਕਾਰ ਦਾ ਖੱਬਾ ਹੱਥ ਹੀ ਮਾੜਾ-ਮੋਟਾ ਚੱਲਦਾ ਸੀ, ਜਿਸ ਨਾਲ ਉਹ ਰੋਟੀ ਖਾ ਲੈਂਦਾ। ਚਾਹ ਪੀਣ ਲੱਗੇ ਨੂੰ ਉਸ ਨੂੰ ਜ਼ਰੂਰ ਸਹਾਰੇ ਦੀ ਲੋੜ ਪੈਂਦੀ। ਉਸ ਦਾ ਦਿਲ ਕੰਧ ਵਿਚ ਟੱਕਰ ਮਾਰਨ ਨੂੰ ਕਰਦਾ। ਪਰ ਉਠ ਕੇ ਕੰਧ ਵਿਚ ਟੱਕਰ ਮਾਰਨੀ ਵੀ ਉਸ ਦੇ ਵੱਸ ਵਿਚ ਨਹੀਂ ਸੀ। ਕਈ ਵਾਰ ਉਸ ਦਾ ਮਨ ਖ਼ੁਦਕਸ਼ੀ ਕਰਨ ਨੂੰ ਕਰਦਾ। ਪਰ 'ਕਿਵੇਂ' ਸੋਚ ਕੇ ਉਹ ਬੇਵੱਸ ਹੋਇਆ ਪਿਆ ਰਹਿੰਦਾ। ਅੱਥਰੂ ਹੁਣ ਉਸ ਦੇ ਬੇਲੀ ਬਣ ਗਏ ਸਨ। ਉਦਾਸੀ ਅਤੇ ਨਿਰਾਸ਼ਾ ਉਸ ਦੀ ਸਕੀ ਸਾਥਣ ਬਣ ਤੁਰੀ ਸੀ।
ਜਦ ਕੰਤੋ ਰਾਤ ਨੂੰ ਥੱਕ ਟੁੱਟ ਕੇ ਘਰੇ ਆਉਂਦੀ ਤਾਂ ਉਸ ਦਾ ਹਾਰਿਆ ਚਿਹਰਾ ਦੇਖ ਕੇ ਬਲਕਾਰ ਦਾ ਮਨ ਕੁਰਲਾ ਉਠਦਾ। ਉਸ ਨੇ ਤਾਂ ਕੰਤੋ ਦਾ ਕਦੇ ਮੂੰਹ ਵੀ ਨਹੀਂ ਫ਼ਿਟਕਾਰਿਆ ਸੀ। ਪਰ ਮਜਬੂਰੀ ਵਿਚ ਕੁਝ ਕਰ ਨਹੀਂ ਸਕਦਾ ਸੀ।
"ਆਹ ਦਿਨ ਵੀ ਦੇਖਣੇ ਸੀ..!" ਉਹ ਆਪਣਾ ਮਾੜਾ ਮੋਟਾ ਚੱਲਦਾ ਖੱਬਾ ਹੱਥ ਤਾਣ ਲਾ ਕੇ ਮੰਜੇ 'ਤੇ, ਅਤੇ ਕਦੇ ਮੱਥੇ 'ਤੇ ਮਾਰਦਾ। ਹੰਝੂ ਫ਼ਿਰ ਵਗ ਪੈਂਦੇ। ਨਿੰਦੀ ਅੰਦਰੋਂ ਭੱਜ ਕੇ ਬਾਹਰ ਆਉਂਦੀ।
"ਕੀ ਹੋ ਗਿਆ ਪਾਪਾ?"
"ਕੁਛ ਨੀ ਹੋਇਆ ਪੁੱਤ, ਕੁਛ ਨੀ ਹੋਇਆ! ਪਰ ਬਹੁਤ ਕੁਛ ਹੋ ਗਿਆ ਨਿੰਦਿਆ, ਬਹੁਤ ਕੁਛ ਹੋ ਗਿਆ!"
"ਤੁਸੀਂ ਰੋਂਦੇ ਕਿਉਂ ਐਂ?"
"ਆਪਣੇ ਮਾੜੇ ਕਰਮਾਂ ਨੂੰ ਰੋਨੈਂ ਪੁੱਤ! ਆਪਦੇ ਮਾੜੇ ਕਰਮਾਂ ਨੂੰ ਰੋਨੈਂ!"
ਨਿੰਦੀ ਤੋਂ ਬਾਪ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ ਸੀ। ਦਿਵਾਲੀ ਤੋਂ ਬਾਅਦ ਨਿੰਦੀ ਸਕੂਲ ਨਹੀਂ ਗਈ ਸੀ। ਜਾ ਹੀ ਨਹੀਂ ਸਕਦੀ ਸੀ। ਸਕੂਲ ਦਾ ਖ਼ਰਚਾ ਕੌਣ ਝੱਲਦਾ? ਇਸ ਦਾ ਮੰਜੇ 'ਤੇ ਪਏ ਬਲਕਾਰ ਨੂੰ ਬਹੁਤ ਦੁੱਖ ਅਤੇ ਝੋਰਾ ਸੀ।
"ਜੇ ਮੈਨੂੰ ਆਹ ਪਤਾ ਹੁੰਦਾ ਨਿੰਦਿਆ, ਮੈਂ ਚੰਦਰੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਉਂਦਾ ਸੀ, ਪੁੱਤ!" ਉਹ ਪਛਤਾਵੇ ਵਜੋਂ ਆਖਦਾ। ਪਰ ਨਿਆਣੀ ਨਿੰਦੀ ਨੂੰ ਬਹੁਤਾ ਮਹਿਸੂਸ ਨਾ ਹੁੰਦਾ।
ਦਿਨ ਬੀਤਦੇ ਗਏ। ਹਫ਼ਤੇ, ਮਹੀਨੇ ਅਤੇ ਫ਼ਿਰ ਸਾਲ!!
ਹੁਣ ਦੁੱਖ ਝੱਲਣਾ ਤਾਂ ਜਿਵੇਂ ਹਰ ਰੋਜ਼ ਦਾ ਕੰਮ ਹੀ ਬਣ ਗਿਆ ਸੀ। ਕੰਤੋ ਸਾਰਾ ਦਿਨ ਕੰਮ ਕਰਦੀ ਰਹਿੰਦੀ ਅਤੇ ਰਾਤ ਨੂੰ ਥਕਾਵਟ ਨਾਲ ਟੋਟੇ ਹੋਈ ਘਰੇ ਆਉਂਦੀ। ਦਿਨਾਂ ਨਾਲ ਹੁਣ ਉਸ ਦੀ ਸਿਹਤ ਵੀ ਹਾਰ ਚੱਲੀ ਸੀ। ਹੁਣ ਕੰਮ ਕਰਦੀ ਦਾ ਉਸ ਦਾ ਵੀ ਸਾਹ ਚੜ੍ਹਨ ਲੱਗ ਪਿਆ ਸੀ। ਉਹ ਸਾਹ ਜਿਹੇ ਵਰੋਲਦੀ ਸ਼ਾਮ ਨੂੰ ਮਸਾਂ ਮੰਜੇ 'ਤੇ ਆ ਕੇ ਡਿੱਗਦੀ। ਨਿੰਦੀ ਵੀ ਹੁਣ ਸੋਲ੍ਹਾਂ ਸਾਲ ਦੀ ਹੋ ਗਈ ਸੀ। ਉਹ ਕੰਮ ਵਿਚ ਮਾਂ ਦੀ ਮੱਦਦ ਕਰਨੀ ਚਾਹੁੰਦੀ ਸੀ। ਪਰ ਬਲਕਾਰ ਮੰਜੇ 'ਤੇ ਪਿਆ ਸਿਰ ਫ਼ੇਰ ਦਿੰਦਾ ਸੀ। ਉਹ ਕਿਸੇ ਹਾਲਤ ਵਿਚ ਵੀ ਨਹੀਂ ਚਾਹੁੰਦਾ ਸੀ ਕਿ ਉਸ ਦੀ ਜੁਆਨ ਧੀ ਲੋਕਾਂ ਦੇ ਘਰੇ ਜੂਠੇ ਭਾਡੇ ਮਾਂਜੇ ਜਾਂ ਕੱਪੜੇ ਧੋਵੇ! ਸੁਣ ਕੇ ਕੰਤੋ ਚੁੱਪ ਕਰ ਜਾਂਦੀ। ਚਾਹੁੰਦੀ ਤਾਂ ਉਹ ਵੀ ਨਹੀਂ ਸੀ ਕਿ ਉਸ ਦੀ ਜੁਆਨ ਧੀ ਲੋਕਾਂ ਦੀ ਜੂਠ ਮਾਂਜੇ। ਪਰ ਉਸ ਦੀ ਹਾਰੀ-ਹੂੰਝੀ ਦੇਹ ਹੁਣ ਉਸ ਦਾ ਬਹੁਤਾ ਸਾਥ ਨਹੀਂ ਦਿੰਦੀ ਸੀ। ਉਸ ਦੇ ਗੋਡੇ ਦੁਖਣ ਲੱਗ ਪਏ ਸਨ। ਕਦੇ ਰਾਤ ਨੂੰ ਸੁੱਤੀ ਪਈ ਦੀ ਕੜੱਲ ਚੜ੍ਹ ਜਾਂਦੀ ਤਾਂ ਕੰਤੋ ਦੀਆਂ ਚੰਘਿਆੜਾਂ ਨਿਕਲ ਜਾਂਦੀਆਂ। ਨਿੰਦੀ ਉਠ ਕੇ ਮਾਂ ਦੀ ਲੱਤ ਘੁੱਟਦੀ। ਲੱਤਾਂ ਘੁੱਟਦੀ ਨਿੰਦੀ ਸੋਚਦੀ ਕਿ ਹੁਣ ਮੇਰੀ ਉਮਰ ਮਾਂ ਨਾਲ ਹੱਥ ਵਟਾਉਣ ਦੀ ਹੋ ਗਈ ਹੈ, ਮੈਨੂੰ ਵੀ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ! ਇਸ ਬਾਰੇ ਉਸ ਨੇ ਮਾਂ ਨਾਲ ਗੱਲ ਕੀਤੀ। ਚਾਹੁੰਦੀ ਤਾਂ ਮਾਂ ਵੀ ਨਹੀਂ ਸੀ ਕਿ ਉਸ ਦੀ ਧੀ ਵੀ ਉਸ ਵਾਲਾ ਨਖਿੱਧ ਕੰਮ ਕਰੇ, ਪਰ ਉਸ ਕੋਲ ਵੀ ਕੋਈ ਚਾਰਾ ਨਹੀਂ ਸੀ। ਕੀ ਕਰਦੀ?
ਬਲਕਾਰ ਤਾਂ ਹੁਣ ਚੱਜ ਨਾਲ ਬੋਲ ਵੀ ਨਹੀਂ ਸਕਦਾ ਸੀ।
ਉਸ ਅੰਦਰੋਂ ਹੁਣ ਮੁਰਦਾ ਜਿਹੀ ਅਵਾਜ਼ ਨਿਕਲਦੀ। ਜਦ ਬੋਲਦਾ, ਬਹੁਤ ਜੋਰ ਲਾ ਕੇ ਬੋਲਦਾ ਸੀ। ਬੋਲਦੇ ਨੂੰ ਪਸੀਨਾਂ ਆ ਜਾਂਦਾ।
"ਕੱਲ੍ਹ ਘਰ ਆਉਂਦੀ ਨੂੰ ਮੈਨੂੰ ਰਾਜੀ ਮਿਲੀ ਸੀ!" ਕੰਮ 'ਤੇ ਜਾਣ ਤੋਂ ਪਹਿਲਾਂ ਸਵੇਰੇ ਕੰਤੋ ਨੇ ਬਲਕਾਰ ਨਾਲ ਗੱਲ ਚਲਾਈ।
"ਉਹ ਤੈਨੂੰ ਕਿੱਥੇ ਮਿਲ ਪਈ?" ਬਲਕਾਰ ਦੇ ਦਿਮਾਗ ਅੰਦਰ ਖ਼ਤਰੇ ਦੀਆਂ ਟੱਲੀਆਂ ਖੜਕੀਆਂ। ਮੱਥਾ ਜੋਰ ਨਾਲ ਠਣਕਿਆ। ਰਾਜੀ ਕੋਈ ਸਾਊ ਔਰਤ ਨਹੀਂ ਸੀ। ਸਾਰੀ ਉਮਰ ਰਾਜੀ ਨੇ 'ਗ਼ੈਰ' ਅਤੇ ਅਪਰਾਧੀ ਜਿਹੇ ਕਿਸਮ ਦੇ ਬੰਦਿਆਂ ਨਾਲ ਤੁਰਦਿਆਂ-ਫ਼ਿਰਦਿਆਂ ਹੀ ਗੁਜ਼ਾਰੀ ਸੀ। ਭਾਈਚਾਰੇ ਵਿਚ ਉਸ ਨੂੰ ਕਿਸੇ ਭਲੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਸੀ। ਉਸ ਦਾ ਦਿਮਾਗ ਘੁੰਮੀ ਜਾ ਰਿਹਾ ਸੀ।
"ਢੋਲਾਂ ਵਾਲੇ ਚੌਕ 'ਚ ਮਿਲੀ ਸੀ।"
"ਫ਼ੇਰ..? ਕੀ ਕਹਿੰਦੀ ਸੀ?" ਉਸ ਦੇ ਸਿਰ ਅੰਦਰ ਤੋਪਾਂ ਚੱਲੀ ਜਾ ਰਹੀਆਂ ਸਨ।
"ਉਹਨੂੰ ਮੈਂ ਨਿੰਦੀ ਨੂੰ ਕੋਈ ਕੰਮ ਲੱਭ ਕੇ ਦੇਣ ਵਾਸਤੇ ਆਖਿਐ! ਤੈਨੂੰ ਪਤੈ, ਹੁਣ ਮੇਰਾ ਸਰੀਰ ਵੀ ਕੰਮ ਨਹੀਂ ਕਰਦਾ, ਮੈਂ ਵੀ ਹਾਰਦੀ ਜਾਂਦੀ ਆਂ, ਕਿੰਨਾਂ ਕੁ ਚਿਰ ਚੱਲੂੰ ਮੈਂ? ਅਖ਼ੀਰ ਨਿੰਦੀ ਨੂੰ ਕੋਈ ਨਾ ਕੋਈ ਕੰਮ ਤਾਂ ਕਰਨਾਂ ਈ ਪੈਣੈਂ? ਘਰੇ ਬੈਠ ਕੇ ਤਾਂ ਸਰਨਾ ਨਹੀਂ।"
"ਤੈਨੂੰ ਰਾਜੀ ਬਾਰੇ ਤਾਂ ਪਤੈ!"
"ਪਰ ਗ਼ਰੀਬ ਦੀ ਧੀ ਜਿੱਥੇ ਵੀ ਜਾਊ, ਗੁੜ ਦੀ ਰੋੜੀ ਵਾਂਗੂੰ ਮੂੰਹ 'ਚ ਈ ਪਾਉਣ ਨੂੰ ਫ਼ਿਰਨਗੇ! ਜੇ ਚੋਰ ਨੂੰ ਚਾਬੀ ਫ਼ੜਾ ਕੇ ਉਹਨੂੰ ਜ਼ਿੰਮੇਵਾਰੀ ਦੇ ਦੇਈਏ, ਉਹਨੇ ਆਪ ਤਾਂ ਚੋਰੀ ਕੀ ਕਰਨੀ ਸੀ, ਕਿਸੇ ਨੂੰ ਵੀ ਨੇੜੇ ਨਹੀਂ ਲੱਗਣ ਦਿੰਦਾ, ਕਿਉਂਕਿ ਉਹਦੀ ਜ਼ਿੰਮੇਵਾਰੀ ਦਾਅ 'ਤੇ ਲੱਗੀ ਹੁੰਦੀ ਐ! ਜੇ ਰਾਜੀ ਦੀ ਲੋਕਾਂ ਵਿਚ ਬਹੁਤੀ ਇੱਜ਼ਤ ਨਹੀਂ ਤਾਂ ਲੋਕ ਉਹਦੇ ਤੋਂ ਡਰਦੇ ਵੀ ਐ! ਛੇਤੀ ਕੀਤੇ ਉਹਦੀ ਕੋਈ ਗੱਲ ਨਹੀਂ ਕੱਟਦਾ, ਰਾਹ ਤਾਂ ਕਿਸੇ ਨੇ ਕੀ ਕੱਟਣਾਂ ਸੀ?"
"ਪਰ ਉਹ ਕੰਮ ਦਿਵਾਊ ਕੀ?" ਬਲਕਾਰ ਦਾ ਮਨ ਡਿੱਕਡੋਲੇ ਖਾਈ ਜਾ ਰਿਹਾ ਸੀ।
"ਉਹ ਕਹਿੰਦੀ ਸੀ, ਆਹ ਕੀ ਹੁੰਦੇ ਐ ਥੇਹ ਹੋਣੇ, ਜਿਹੜੇ ਵਿਆਹਾਂ 'ਚ ਸਟੇਜਾਂ 'ਤੇ ਨੱਚਦੇ ਐ..?"
"ਖੁਸਰੇ?"
"ਖੁਸਰੇ ਵਿਆਹਾਂ 'ਚ ਥੋੜ੍ਹੋ ਨੱਚਦੇ ਐ? ਕੀ ਦੱਸਦੀ ਸੀ..? …ਆਰਕੈਸਟਾ!" ਉਸ ਨੂੰ ਪੂਰਾ ਕਹਿਣਾ ਵੀ ਨਹੀਂ ਆਉਂਦਾ ਸੀ।
"ਆਰਕੈਸਟਰਾ ਦੀ ਆੜ 'ਚ ਪਤਾ ਕੀ-ਕੀ ਹੋਈ ਜਾਂਦੈ?"
"ਗ਼ਰੀਬ ਦੀ ਧੀ ਆਟੇ ਦੇ ਦੀਵੇ ਵਰਗੀ ਹੁੰਦੀ ਐ, ਬਲਕਾਰ! ਅੰਦਰ ਚੂਹੇ ਤੇ ਬਾਹਰ ਕਾਂ ਨਹੀਂ ਛੱਡਦੇ, ਆਪਾਂ ਕਿੰਨਾਂ ਕੁ ਚਿਰ ਇਹਨੂੰ ਜੱਫ਼ੇ ਮਾਰ ਮਾਰ ਅੰਦਰ ਰੱਖਾਂਗੇ? ਮਜਬੂਰੀ ਦੇ ਮਾਰਿਆਂ ਨੂੰ ਆਪਾਂ ਨੂੰ ਕਿਸੇ ਕਿੱਤੇ ਲਾਉਣਾ ਈ ਪੈਣੈਂ! ਅੱਜ ਲਾ ਦੇਈਏ, ਚਾਹੇ ਕੱਲ੍ਹ ਲਾ ਦੇਈਏ, ਇਕ ਦਿਨ ਕੌੜਾ ਘੁੱਟ ਭਰਨਾ ਈ ਪੈਣੈ! ਜੇ ਇਹੇ ਰਾਜੀ ਵਰਗੀ ਜੁੱਤੀ ਦੀ ਤਕੜੀ ਔਰਤ ਕੋਲੇ ਕੰਮ ਕਰੂ, ਜਣਾਂ-ਖਣਾਂ ਪੁੱਠੀਆਂ ਅੱਖਾਂ ਨਾਲ ਨੀ ਝਾਕਦਾ! ਨਹੀਂ ਦੁੱਕੀ-ਤਿੱਕੀ ਬੰਦੇ ਈ ਬਿਨਾਂ ਗੱਲੋਂ ਖੰਘੂਰੇ ਮਾਰ ਮਾਰ ਲੰਘੀ ਜਾਂਦੇ ਐ!"
"ਪਰ ਆਰਕੈਸਟਰਾ ਦੀ ਆੜ 'ਚ ਹੋਈ ਪਤਾ ਕੀ ਜਾਂਦੈ?" ਬਲਕਾਰ ਨੇ ਉਸ ਨੂੰ ਸਮਝਾਉਣ ਦੇ ਰੌਂਅ ਵਿਚ ਆਖਿਆ।
"ਤੇ ਹੋਈ ਕਿਸ ਆੜ 'ਚ ਨਹੀਂ ਜਾਂਦਾ? ਅਮੀਰਾਂ ਦੀਆਂ ਕੁੜੀਆਂ ਵੱਡੇ ਵੱਡੇ ਹੋਟਲਾਂ 'ਚ ਐਸ਼ਪ੍ਰਸਤੀ ਦੇ ਨਾਂ ਥੱਲੇ ਬਥੇਰਾ ਕੁਛ ਕਰੀ ਜਾਂਦੀਐਂ, ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਨਿੱਤ ਨਵੀਆਂ ਗੱਲਾਂ ਸੁਣਦੀ ਆਂ!" ਸੁਣ ਕੇ ਬਲਕਾਰ ਦੇ ਦਿਲ ਨੂੰ ਅਸਹਿ ਧੱਕਾ ਲੱਗਿਆ।
"ਮੈਂ ਤੈਨੂੰ ਕਹਿਣਾਂ ਕੀ ਚਾਹੁੰਨੈਂ? ਤੂੰ ਸੁਣਦੀ ਕਿਉਂ ਨਹੀਂ?" ਉਸ ਨੇ ਦੁਹਰਾਇਆ। ਪਰ ਕੰਤੋ ਜਾ ਚੁੱਕੀ ਸੀ।
"ਤੂੰ ਨਹੀਂ ਸਮਝ ਸਕਦੀ!" ਉਸ ਦਾ ਦਿਲ ਜ਼ੋਰ ਨਾਲ ਧੜਕਿਆ। ਉਸ ਨੂੰ ਮਹਿਸੂਸ ਹੋਇਆ ਕਿ ਦਿਲ ਧੜਕਿਆ ਨਹੀਂ, ਫ਼ਟ ਕੇ ਦੋਫ਼ਾੜ ਹੋਇਆ ਸੀ। …ਤੇ ਬਲਕਾਰ ਦੇ ਸਾਹਾਂ ਦੀ ਲੜੀ ਉਸ ਦੇ ਇਸ ਸ਼ਬਦ ਨਾਲ ਪੂਰੀ ਹੋ ਗਈ ਸੀ ਅਤੇ ਉਸ ਦੀਆਂ ਖੁੱਲ੍ਹੀਆਂ, ਚੁੱਪ ਅੱਖਾਂ ਕੰਤੋ ਨੂੰ 'ਕੁਝ' ਸਮਝਾਉਣ ਦੇ ਯਤਨ ਵਿਚ ਸਨ। 'ਤੂੰ ਨਹੀਂ ਸਮਝ ਸਕਦੀ' ਸ਼ਬਦ ਉਸ ਦੇ ਪੱਥਰ ਹੋਏ ਮੂੰਹ 'ਤੇ ਲਿਖਿਆ ਪਿਆ ਸੀ।

ਭਿੰਦਰ ਜਲਾਲਾਬਾਦੀ

ਗੁਰਲਾਭ ਸਿੰਘ

ਜੇ ਰੱਬ ਕੋਈ ਮੈਨੂੰ ਵਰ ਦੇ ਦੇਵੇ

ਜੇ ਰੱਬ ਕੋਈ ਮੈਨੂੰ ਵਰ ਦੇ ਦੇਵੇ ,
ਕੀ ਮੈਂ ਇਕ ਹੋਰ ਜਨਮ ਪਾ ਜਾਵਾਂ,
ਉਸਦੇ ਦਿਲ ਦੀ ਜਾਨਣ ਲਈ ,
ਆਪਣਾ ਇਕ ਮੈਂ ਰੂਪ ਸਜਾਵਾਂ .
ਰੱਬ ਕਰੇ ਮੈਂ ਇਕ ਕਣੀ ਬਣ ਜਾਵਾਂ ,
ਉਸਦੇ ਮੁੱਖ ਦੀ ਛੋ ਪਾ ਜਾਵਾਂ ,
ਵਜੂਦ ਆਪਣਾ ਗਵਾਉਣ ਤੋਂ ਪਹਿਲਾਂ ,
ਉਸਦੇ ਅੱਥਰੂ ਧੋ ਮੈਂ ਜਾਵਾਂ .
ਰੱਬ ਕਰੇ ਉਸਦਾ ਸੁਪਨਾ ਬਣਾ ਮੈਂ ,
ਉਸਦੀ ਸੁੰਦਰ ਰਾਤ ਘੜਾ ਮੈਂ ,
ਉਸਦੇ ਮਨ ਵਿਚ ਗੋਤੇ ਖਾਵਾਂ ,
ਉਸਦੀਆਂ ਖੁਸ਼ੀਆਂ ਵਿਚ ਹੜਾ ਮੈਂ ,
ਰੱਬ ਕਰੇ ਉਸਦੀ ਯਾਦ ਬਣਾ ਮੈਂ ,
ਪਰ ਸਾਹ ਮੇਰੇ ਇਹ ਰੁਕਦੇ ਕਿਓਂ ਨੀ ,
ਯਾਦ ਓਹਦੀ ਦੇ ਦਿਲ ਭਾਂਬੜ ਬਲਦੇ ,
ਪਰ ਹੱਡ ਮੇਰੇ ਇਹ ਧੁਖਦੇ ਕਿਓਂ ਨੀ ,
ਫ਼ੱਟ ਇਸ਼ਕ਼ ਦੇ ਸੀਨੇ ਬਹੁਤ ,
ਪਰ ਫਿਰ ਵੀ ਇਹ ਦੁਖਦੇ ਕਿਓਂ ਨੀ .
ਰੱਬ ਕਰੇ ਇਕ ਬਦਲੀ ਬਣ ਜਾਵਾਂ ,
ਜੋ ਓਹਦੇ ਪੇਰੀ ਵਰ ਜਾਏ ,
ਓਹਦੇ ਬੁਲਾਂ ਤੇ ਮੇਰਾ ਨਾਮ ਲਿਆਵੇ ,
ਜੋ ਇਕ ਆਸ ਦਾ ਟੋਭਾ ਭਰ ਜਾਏ ,
ਜੇ ਓਹਦੇ ਮੱਥੇ ਸ਼ਿਕਨ ਬਣੇ ਤਾਂ ,
ਦੂਰ ਥਲੀ ਕਿਤੇ ਮਰ ਜਾਏ ,
ਰੱਬ ਕਰੇ ਓਹਦਾ ਵੀ ਏਹੋ ਹਾਲ ਹੋਵੇ ,
ਚੱਤ-ਪਹਰ ਮੇਰਾ ਹੀ ਖਿਆਲ ਹੋਵੇ ,
ਮੇਰੀ ਉਡੀਕ ਕਰਦਿਆਂ ਗੁਜਰਿਆ ,
ਓਹਦਾ ਵੀ ਚੌਥਾ ਸਾਲ ਹੋਵੇ ,
ਰੱਬ ਕਰੇ ਇਕ ਫੁਲ ਬਣ ਜਾਵਾਂ ,
ਜੋ ਓਹਦੇ ਨੈਣੀ ਖਿਲ ਜਾਵਾਂ,
ਖਿਆਲਾਂ ਓਹਦਿਆਂ ਵਿਚ ਜਾ ਕੇ ,
ਸ਼ਾਇਦ ਖੁਦ ਨੂੰ ਹੀ ਮਿਲ ਜਾਵਾਂ .

****0****

ਕੁਝ ਤਾਂ ਗਲ ਹੈ

ਕੁਝ ਤਾਂ ਗਲ ਹੈ
ਸਾਹ ਇਹਨੇ ਨਿਘੇ ਨੀ ਹੁੰਦੇ?
ਉਸ ਅੰਦਰ
ਕੋਈ ਤਾਂ ਲਾਟ ਹੈ
ਕੋਈ ਨਾ ਕੋਈ ਸਾੜ੍
ਤਾਂ ਜ਼ਰੂਰ ਹੋਵੇਗਾ
ਬਿਨਾ ਅੱਗ ਤੋਂ ਤਾਂ
ਧੂਆਂ ਨਹੀ ਉਠਦਾ
ਇਸ ਅਗਨੀ ਦੀ ਵੀ
ਕੋਈ ਵਜਹ ਹੋਵੇਗੀ
ਉਂਝ ਤਾਂ ਨਹੀ ਕੋਈ ਤਪਦਾ

ਕੋਈ ਤਾਂ ਗਲ ਜ਼ਰੂਰ ਹੈ
ਜੋ ਇਸ ਸਰਦ ਰੁੱਤੇ
ਉਸਦੇ ਬੋਲਾਂ ਨਾਲ
ਧੂਆਂ ਉਠਦਾ ਹੈ
ਗੁਰਲਾਭ ਸਿੰਘ 09501101693  

ਰਿੰਕੂ ਸੈਣੀ


ਦਰੱਖਤ

ਮੈਂ ਉਸ ਦਰੱਖਤ ਵਾਂਗ ਹਾਂ,
ਜੋ ਸਾਰੀ ਉਮਰ ਆਪਣੀ,
ਜਗਾ ਨਹੀਂ ਬਦਲਦਾ ,
ਤੇ ਉਹ ਉਸ ਪੋਣ ਵਰਗੀ,
ਜੋ ਆਪਣੀ ਜਗਾ ਤੇ ਕਦੇ ,
ਸਥਿਰ ਨਾ ਹੋਈ ,
ਉਹ ਪੋਣ ਕਦੇ ਸਾਡੀਆਂ,
ਦਿਸ਼ਾਵਾਂ ਤੇ ਵੀ ਚੱਲੀ,
ਪਰ ਕੁਝ ਹੀ ਪਲਾਂ ਵਿੱਚ,
ਕਿਸੇ ਹੋਰ ਨਾਲ ਜਾ ਰਲੀ,
ਤੇ ਅਸੀ ਉੱਥੇ ਹੀ ,
ਝੜਦੇ ਪੱਤਿਆਂ ਵਾਂਗ,
ਆਪਣੇ ਝੜਦੇ ਅਰਮਾਨਾਂ ਨੂੰ ਦੇਖਦੇ ਰਹੇ,
ਤੇ ਲੋਕ ਉਹਨਾਂ ਅਰਮਾਨਾਂ ਦੀ ਧੂਨੀ ਬਾਲ,
ਅੱਗ ਸੇਕਦੇ ਰਹੇ ,
ਤੇ ਅੱਜ ਉਸ ਬੰਜਰ ਦਰੱਖਤ ਵਾਂਗ,
ਸਾਡੀ ਜਿੰਦਗੀ ਵੀ ਬੰਜਰ ਹੈ,
ਉਸ ਦਰੱਖਤ ਨੂੰ ਵੱਡਣ ਲਈ ਕੁਲਹਾੜੀ,
ਤੇ ਸਾਨੂੰ ਵੱਢਣ ਲਈ ਖੰਜਰ ਹੈ,
ਦੇਖੋ ਮੇਰੇ ਪਿਆਰ ਦਾ,
ਕੀ ਹੋਇਆ ਮੰਜਰ ਹੈ
ਰਿੰਕੂ ਸੈਣੀ,ਫਰੀਦਕੋਟ

ਬਿਕਰਮਜੀਤ ਸਿੰਘ "ਜੀਤ"


ਪੰਜਾਂ ਚੋਰਾਂ ਨੂੰ

ਕਾਮ ਕ੍ਰੋਧ ਤੇ ਲੋਭ ਮੋਹ ਤੇ ਨਾਲੇ ਇਹ ਅਹੰਕਾਰ

ਕਢ੍ਹ ਦੇ ਪੰਜਾਂ ਚੋਰਾਂ ਨੂੰ ਤੂੰ ਅਪਣੇਂ ਅੰਦਰੋਂ ਬਾਹਰ

ਲੈ ਅਪਨਾ ਚੰਗਿਆਈਆਂ ਪੰਜੇ ਸੁਣਲੈ ਮੇਰੇ ਵੀਰ

ਦਯਾ ਧਰਮ ਸੰਤੋਖ ਸੱਚ ਤੇ ਸੰਗ ਇਨ੍ਹਾਂ ਦੇ ਧੀਰ

ਨਾਮ ਬੀਜ ਕੇ ਸ਼ੁੱਭ ਕੰਮਾਂ ਦੀ ਕਰਲੈ ਉੱਤਮ ਖੇਤੀ

ਕੰਮ ਆਵੇਗੀ ਤੇਰੇ ਸਜਣਾਂ ਜਨਮ ਸਵਾਰਣ ਸੇਤੀ

ਅੰਮ੍ਰਿਤ ਨਾਮ ਨੂੰ ਮਨ ਵਸਾਕੇ ਸੇਵਾ ਸਿਮਰਨ ਕਰਲੈ

ਨਾਲ ਰਹਿਮਤਾਂ"ਜੀਤ"ਆਪਣੀਂ ਝੋਲੀ ਹੁਣ ਤੂੰ ਭਰਲੈ

ਬਿਕਰਮਜੀਤ ਸਿੰਘ "ਜੀਤ"