Friday, 3 February 2012

ਭੁਪਿੰਦਰ ਪੰਨੀਵਾਲੀਆ


ਮੇਰੇ ਦਰਦ ਭਰੇ ਗੀਤ
ਜਦੋਂ ਦਿਨ ਛਿਪ ਜਾਂਦਾ ਹੈ
ਪੌਣਾਂ ਸੌਂ ਜਾਂਦੀਆਂ ਨੇ
ਸਭ ਪਾਸੇ ਪਸਰ ਜਾਂਦੀ ਹੈ ਖਾਮੋਸ਼ੀ
ਤਾਂ ਸ਼ੁਰੂ ਹੁੰਦੀ ਹੈ
ਮੇਰੀ ਜ਼ਿੰਦਗੀ
ਮੇਰੇ ਕੋਲ ਤੇਰੀ ਯਾਦ ਹੁੰਦੀ ਹੈ
ਜਾਂ ਤੇਰੀ ਤਸਵੀਰ
ਅਸੀਂ ਤਿੰਨੇ ਕਰਦੇ ਹਾਂ ਵਿਰਲਾਪ
ਪੂਰੀ ਰਾਤ
ਮਨਾਉਂਦੇ ਹਾਂ ਜਸ਼ਨ
ਪੀੜਾਂ ਸੰਗ
ਦਰਦ ਭਰੇ ਗੀਤ ਗਾ ਕੇ
ਇਹ ਵੀ ਤਾਂ ਕਿਹਾ ਆਨੰਦ ਹੈ
ਜੋ ਦਿੰਦਾ ਹੈ
ਮਨ ਨੂੰ ਸਕੂਨ
ਤੂੰ ਕਦੇ ਨਹੀਂ ਸੋਚਿਆ ਹੋਣਾ
ਕਿ ਮੈਂ ਜੀਅ ਰਿਹਾ ਹਾਂ
ਇਸ ਤਰਾਂ ਤੇਰੇ ਹਿਜਰ 'ਚ
ਅਜੀਬ ਜਿਹੀ ਜ਼ਿੰਦਗੀ
ਨਹੀਂ ਤਾਂ ਤੁੰ ਜਰੂਰ ਆਉਣਾ ਸੀ
ਇਹ ਕਹਿਣ ਕਿ
ਕਦੇ ਇਕ ਗੀਤਾ ਵਸਲ ਦਾ ਵੀ ਗਾ ਲੈ
ਜਾਂ ਸਾਰੀ ਜ਼ਿੰਦਗੀ ਵਿਛੋੜੇ 'ਚ ਹੀ
ਤੜਫਦੇ ਗੀਤ ਗਾਵੇਂਗਾ
ਪਰ ਸੱਚ ਜਾਣੀ
ਤੇਰੇ ਹਿਜ਼ਰ 'ਚ ਡੁੱਬੇ ਰਹਿਣ ਦਾ
ਅਨੰਦ ਹੀ ਕੁੱਝ ਹੋਰ ਹੈ
ਨਹੀਂ ਤਾਂ ਮੈਂ ਵੀ ਯਾਰਾਂ ਸੰਗ ਰਲ
ਜਸ਼ਨ ਮਨਾਊਂਦਾ
ਭੰਗੜੇ ਪਾਉਂਦਾ ਫਿਰਦਾ
ਅਜੋਕੀ ਪੀੜ੍ਹੀ ਦੇ ਗਭਰੂਆਂ ਵਾਂਗ
ਪਰ ਮੈਂ ਤਾਂ ਉਮਰੋਂ ਪਹਿਲਾਂ ਹੀ
ਸੋਚਣ ਲੱਗ ਪਿਆ ਸੀ ਬਜ਼ੁਰਗਾਂ ਵਾਂਗ
ਮੇਰੇ ਚਾਅ ਵੀ ਮਰ ਗਏ ਸਨ
ਅਲ੍ਹੜ ਉਮਰੇ ਹੀ
ਮੈਂ ਫੇਰ ਕਦੇ ਖੁਲ੍ਹ ਕੇ ਨਹੀਂ ਹੱਸਿਆ
ਅੱਜ ਤੱਕ
ਤੇ ਹੁਣ ਹੰਡਾ ਰਿਹਾ ਹਿਜ਼ਰ ਦੀ ਜੂਨ
ਪਰ ਤੈਂ ਵੀ ਕਦੇ ਤਰਸ ਨਹੀਂ ਕੀਤਾ
ਨਹੀਂ ਤਾਂ ਮੇਰੀ ਅੱਖ ਦੇ ਹੰਝੂ ਪੀ
ਮੇਰੇ ਸਾਰੇ ਦਰਦ ਸਮੇਟ
ਮੈਨੂੰ ਕਰ ਦੇਣਾ ਸੀ ਸੁਰਖਰੂ
ਇਸ ਜੂਨ ਤੋਂ
ਹੁਣ ਤਾਂ ਬੱਸ ਆਦੀ ਜਿਹਾ ਹੋ ਗਿਆਂ
ਤੇਰੀ ਯਾਦ ਤੇ ਤੇਰੀ ਤਸਵੀਰ ਸੰਗ
ਰਲ ਕੇ ਗਮ ਦੇ ਗੀਤ ਗਾਉਣ ਦਾ
ਚਿੱਤ ਕਰੇ ਤਾਂ ਤੁੰ ਵੀ
ਕਦੇ ਸੁਣ ਜਾਂਈ ਮੇਰੇ ਦਰਦ ਭਰੇ ਗੀਤ।
ਭੁਪਿੰਦਰ ਪੁੰਨੀਵਾਲਾ

No comments: