ਤੂੰ ਤੇ ਮੈਂ
ਤੂੰ ਤੇ ਮੈਂ
ਸਾਂ ਸਤਯੁੱਗ 'ਚ
ਕਿਸੇ ਡੇਰੇ ਦੇ ਵਾਸੀ
ਜਿੰਨਾ ਦਾ ਕਰਮ ਸੀ
ਬਸ ਬੰਦਗੀ ਕਰਨਾ
ਤੂੰ ਤੇ ਮੈਂ ਇਸ਼ਕ ਕਰ ਬੈਠੇ
ਜੋ ਅਸਲ ਬੰਦਗੀ ਦਾ
ਪਹਿਲਾ ਸਬਕ ਸੀ
ਪਰ ਡੇਰੇ ਵਾਲੇ ਇਸ ਨੂੰ ਕਦੀ ਨਾ ਪੜ੍ਹਾਉਂਦੇ
ਪਰ ਜਾਣਦੇ ਸਭ ਸਨ ਪਹਿਲੇ ਸਬਕ ਬਾਰੇ।
ਤੂੰ ਤੇ ਮੈਂ ਬਸ ਪਹਿਲਾ ਹੀ ਸਬਕ ਪੜ੍ਹਿਆ ਬੰਦਗੀ ਦਾ
ਡੇਰੇ ਵਾਲਿਆਂ ਸਾਨੂੰ ਵੱਖ ਕਰ ਦਿੱਤਾ
ਡੇਰੇ 'ਚੋਂ ਚੁੱਕ ਧਰਤੀ ਵੱਲ ਮਾਰਿਆ ਤੈਨੂੰ
ਤੇ ਫੇਰ ਕਾਫੀ ਸਮੇਂ ਬਾਅਦ ਮੈਨੂੰ।
ਪਰ, ਉਹ ਇਹ ਭੁੱਲ ਗਏ ਕਿ
ਧਰਤੀ ਗੋਲ ਏ,
ਜਿਥੇ ਆਪਣਾ, ਆਪਣੇ ਨੂੰ ਮਿਲ ਹੀ ਜਾਂਦਾ ਏ।
ਭਾਵੇਂ ਵਰ੍ਹਿਆਂ ਬਾਅਦ ਹੀ ਕਿਉਂ ਨਾ ਮਿਲੇ।
ਆਹ ਦੇਖ ਮੈਂ ਤੈਨੂੰ ਲੱਭ ਲਿਆ ਏ
ਤੇ ਆਪਾਂ ਫੇਰ ਮਿਲ ਗਏ...
ਚਰਨਜੀਤ ਰੰਧਾਵਾ

No comments:
Post a Comment