ਉਦਾਸ ਮੌਸਮ
ਉਦਾਸ ਦਿਲ
ਦੂਰ ਕਿਤੇ ਨਿੱਕੀ ਜਿਹੀ ਕੁੜੀ
ਰੋ ਰਹੀ ਅਸਮਾਨ ਦੇ ਨਾਲ ਨਾਲ
ਮੁੱਠੀ ਜਿਹੇ ਦਿਲ ਤੋਂ ਮਜਬੂਰ
ਕੋਈ ਜਾ ਰਿਹਾ ਹੈ
ਕੋਈ ਆ ਨਹੀਂ ਰਿਹਾ
ਕੋਈ ਵਿਛੱੜ ਰਿਹਾ ਹੈ
ਨਹੀਂ ਜਾਣਦੀ ਅਜੇ
ਵਿਛੱੜਣ ਤੋਂ ਬਾਦ
ਮਿਲਣ ਵੀ ਹੁੰਦਾ ਹੈ
ਤੇ ਹਰ ਮਿਲਣ ਤੋਂ ਬਾਦ
ਵਿਛੜਣਾ ਵੀ ਹੈ
ਕੁਦਰਤ ਦਾ ਨਿਯਮ
ਪਰ ਨਿੱਕਾ ਜਿਹਾ ਦਿਲ
ਕਿਵੇਂ ਜਾਣੇ . ਕੀਕੂੰ ਜਾਣੇ
ਕਿਵੇਂ ਚੁੱਪ ਕਰਾਵੇ ਖੁਦ ਨੂੰ
ਤਿੜ ਤਿੜ ਹੱਸਣ ਦੀ ਉਮਰੇ
ਦਿਲ ਉਸ ਦਾ ਤਿੜਕ ਤਿੜਕ ਜਾਂਦਾ ਹੈ
ਕੋਈ ਜਾ ਰਿਹਾ ਹੈ
ਕੋਈ ਵਿਛੜ ਰਿਹਾ ਹੈ
ਤੇ ਦੂਰ ਅਸਮਾਨ ਰੋ ਰਿਹਾ ਹੈ
ਅਜੇ ਹੁਣੇ ਹੀ ਤਾਂ ਬੱਦਲਾਂ ਨੇ
ਅਸਮਾਨ ਦੀ ਹਿੱਕ ਨੂੰ ਚੁੰਮਿਆ ਸੀ
ਤੇ ਹੁਣੇ ਹੀ ਉਸ ਨੂੰ ਛਾਤੀ ਨਾਲ ਲਾ
ਵਰ੍ਹੇ ਰਹੇ ਨੇ ਧਰਤੀ ਤੇ
ਮੁੜ ਉਥੇ ਜਾਣ ਦੀ ਉਮੀਦ ਵਿੱਚ
ਸੋ ਸੋਹਣੀਏ ਕੁੜੀਏ
ਆਪਣੇ ਦਿਲ ਦੇ ਦੂਜੇ ਹਿਸੇ ਨੂੰ
ਅਲਵਿਦਾ ਆਖ
ਇਸ ਆਸ ਵਿੱਚ
ਕੀ ਨਵੀਂ ਸਵੇਰ
ਨਵੇਂ ਮੌਸਮ ਵਿੱਚ
ਨਵਾਂ ਮਿਲਣ ਜਰੂਰੀ ਹੈ
ਇਸੇ ਸਿਰ ਤੇ ਤਾਂ 'ਉਡੀਕ' ਜੀਂਦੀ ਹੈ !
ਦਿਆਲ ਗੁੱਲੂ Fremont, California

No comments:
Post a Comment