ਵਿਸ਼ਾ ਵਿਸ਼ੇਸ਼ : "ਕਥਾ ਰੁੱਖਾਂ ਤੇ ਕੁੱਖਾਂ ਦੀ"
ਕਥਾ ਨਹੀਂ ਹੈ ਇਹ ਕੋਈ , ਸੱਚ ਹੈ ਕਿ ਰੁੱਖਾਂ ਤੇ ਕੁੱਖਾਂ ਨੂੰ ਵਕ਼ਤ ਦੇ ਫੇਰ ਨੇ ਗ੍ਰਹਿਣ ਲਾ ਦਿੱਤਾ , ਅੱਜ ਮਨੁੱਖਾਂ ਦਾ ਪਦਾਰਥਵਾਦੀ ਹੋਣਾ , ਸਿਰਫ ਸੁੱਖਾਂ ਦੀ ਲਾਲਸਾ ਅਤੇ ਲਾਲਸੀ ਪ੍ਰਵਿਰਤੀਆਂ ਨੇ ਸਾਡੇ ਪਸਾਰੇ ਵਿੱਚ ਅਸੰਤੁਲਨ ਪੈਦਾ ਕਰ ਦਿੱਤਾ . ਰੁੱਖ ਧਰਤੀ ਦੇ ਪੁੱਤ ਹਨ . ਇਹ ਆਪਣੀ ਮਾਂ ਨਾਲ , ਪੁੰਗਰਨ ਤੋਂ ਲੈ ਕੇ ਖਤਮ ਹੋਣ ਤੱਕ ਜੁੜ੍ਹੇ ਹੀ ਨਹੀਂ ਰਹਿੰਦੇ ਸਗੋਂ ਖਤਮ ਹੋਣ ਤੋਂ ਬਾਅਦ ਵੀ ਇਹ ਆਪਣੀ ਮਾਂ ਦੀ ਗੋਦ ਵਿੱਚ ਹੀ ਸਮਾ ਜਾਂਦੇ ਹਨ . ਸ਼ਿਵ ਕੁਮਾਰ ਬਟਾਲਵੀ ਨੇ ਠੀਕ ਹੀ ਕਿਹਾ ਹੈ :
ਕੁਖ ਰੁੱਖ ਮੈਨੂੰ ਪੁੱਤ ਲਗਦੇ ਨੇ ,
ਕੁਝ ਰੁੱਖ ਲਗਦੇ ਮਾਵਾਂ ........
ਸੱਚਮੁਚ ਰੁੱਖਾਂ ਦਾ ਮਨੁੱਖ ਨਾਲ ਰਿਸ਼ਤਾ ਮਨੁੱਖ ਜਾਤੀ ਦੇ ਬੀਜ ਪੁੰਗਰਨ ਤੋਂ ਲੈ ਕੇ ਹੁਣ ਤੱਕ ਉਵੇਂ ਹੀ ਹੈ . ਰੁੱਖ ਅੱਜ ਵੀ ਮਨੁੱਖ ਨੂੰ ਪਾਲਦੇ ਆ ਰਹੇ ਹਨ, ਕੀ ਹੋਇਆ ਜੇ ਮਨੁੱਖ ਅਪਣੀ ਫਿਤਰਤ ਤੋਂ ਮੂੰਹ ਮੋੜ ਗਿਆ ਹੈ . ਇਸੇ ਤਰ੍ਹਾਂ ਕੁੱਖਾਂ ਵੀ ਪੁੱਤਾਂ ਵਾਲੀਆਂ ਦੀਆਂ ਹੀ ਸੁਖੱਲੀਆਂ ਨੇ , ਧੀਆਂ ਦੇ ਪੈਰਾਂ ਹੇਠੋਂ ਦੀ ਧਰਤੀ ਡਾਵਾਂ-ਡੋਲ ਹੈ . ਧੀਆਂ ਵਾਲੀਆਂ ਕੁੱਖਾਂ ਹੌਕੇ-ਹਾਵਾਂ ਵਿੱਚ ਪਲਦਿਆਂ ਨੇ . ਇਹ ਸਮਾਜ ਦੀ ਦੇਣ ਹੈ ਕਿ ਪ੍ਰਮਾਤਮਾ ਦੇ ਸਿਰਜੇ ਇਹਨਾਂ ਦੋ ਰੂਪਾਂ ਵਿੱਚੋਂ ਇੱਕ ਦੀ ਉਤਪਤੀ ਘਟਣ ਲੱਗੀ ਹੈ . ਇਸ ਤਰ੍ਹਾਂ ਤਾਂ ਸਮਾਜਿਕ ਤੌਰ ਤੇ ਅਸੰਤੁਲਨ ਪੈਦਾ ਹੋ ਜਾਏਗਾ . ਇਸ ਦਾ ਸਭ ਤੋਂ ਵੱਧ ਖਮਿਆਜਾ ਵੀ ਔਰਤ ਜਾਤੀ ਨੂੰ ਹੀ ਪਵੇਗਾ . ਕਿਓਂ ਕਿ ਸਮਾਜ ਵਿੱਚ ਅਣਚਾਹੀਆਂ –ਅਨੈਤਿਕ ਘਟਨਾਵਾਂ ਵਧਣਗੀਆਂ . ਪ੍ਰਕਿਰਤੀ ਨੇ ਇਸ ਮਨੁੱਖ ਜਾਤੀ ਨੂੰ ਵਧਣ-ਫੁੱਲਣ ਲਈ ਕਈ ਤਰ੍ਹਾਂ ਦੇ ਸਾਧਨ ਵੀ ਦਿੱਤੇ ਹਨ . ਪਰ ਮਨੁੱਖੀ ਦਿਮਾਗ ਅਨ-ਮਨੁੱਖੀ ਵਤੀਰਾ ਵਰਤ ਕੇ ਉਹਨਾਂ ਸਾਧਨਾਂ ਦੀ ਦੁਰਵਰਤੋਂ ਕਰ ਉਹਨਾਂ ਨੂੰ ਖਤਮ ਕਰਨ ਲਈ ਬਾਜਿਦ ਹੈ .
ਮਨੁੱਖ ਹਰ ਹੀਲਾ ਵਰਤ ਕੇ ਕੁਦਰਤ ਨੂੰ ਮਾਤ ਦੇਣ ਵਿੱਚ ਲੱਗਿਆ ਹੋਇਆ ਹੈ , ਪਰ ਉਹ ਭੁੱਲ ਗਿਆ ਹੈ ਕਿ ਕਦਰਤ ਹੀ ਜੀਵਨ ਦੇਣ ਵਾਲੀ ਹੈ ਅਤੇ ਉਸਦਾ ਨਾਸ਼ ਮਨੁੱਖ ਦਾ ਆਪਣਾ ਹੀ ਨਾਸ਼ ਹੈ . ਬਹੁਤ ਸਾਰੇ ਮਨੁੱਖੀ ਵਸੀਲੇ , ਸੰਸਥਾਵਾਂ , ਸਰਕਾਰਾਂ ਇਸ ਪਾਸੇ ਵਲ੍ਹ ਧਿਆਨ ਦੇ ਰਹੀਆਂ ਹਨ ਪਰ ਹਾਲੇ ਵੀ ਸਖਤ ਕਦਮ ਚੁੱਕਣ ਦੀ ਲੋੜ੍ਹ ਹੈ . ਹਰ ਆਮ ਮਨੁੱਖ ਨੂੰ ਇਹਨਾਂ ਕੁਦਰਤੀ ਸੌਗਾਤਾਂ ਕੁੱਖਾਂ ਤੇ ਰੁੱਖਾਂ ਦੀ ਕਦਰ ਕਰਨੀ ਚਾਹੀਦੀ ਹੈ .
"ਰੁੱਖ ਤਾਂ ਬੋਲ ਨੀ ਸਕਦੇ
ਆਪਣਾ ਸੁੱਖ ਫਰੋਲ ਨੀ ਸਕਦੇ
ਮੈਂ ਵੀ ਕਿਵੇਂ ਬੋਲ ਸਕਾਂ ?
ਕਿਵੇਂ ਰਿਸ਼ਤੇ ਟੋਲ ਸਕਾਂ ?
ਰੁੱਖਾਂ ਦੀ ਤੇ ਕੁੱਖਾਂ ਦੀ
ਇੱਕੋ ਜੀ ਫਿਤਰਤ
ਰੁੱਖਾਂ 'ਚ ਮਾਂ ਹੁੰਦੀ ਹੈ
ਕੁੱਖਾਂ ਦੀ ਛਾਂ ਹੁੰਦੀ ਹੈ
ਦਿਸਦੀ ਨੀ ਜੇ ਟੀਸ ਰੁੱਖਾਂ ਦੀ
ਕੀ ਸੁਣੋਗੇ ਫਿਰ ਚੀਖ ਕੁੱਖਾਂ ਦੀ
ਆਪਣੀ ਹੋਂਦ ਨੂੰ ਪਿਉਂਦ ਦਿਓ
ਰੱਖਾਂ ਤੇ ਕੁੱਖਾਂ ਨੂੰ ਜਿਓਣ ਦਿਓ ."
ჯહઔહჯ═══■■═══ჯહઔહჯ ═══■■═══ ═══■■═══ჯહઔહჯ
ਅਪ੍ਰੈਲ 2012 ਅੰਕ ਲਈ ਵਿਸ਼ਾ-ਵਿਸ਼ੇਸ਼ ਹੋਵੇਗਾ
"ਇੰਟਰਨੈਟ ਦੀ ਵਰਤੋਂ ਅਤੇ ਦੁਰਵਰਤੋਂ"

